Apnapunjabmedia
  • Home
  • Editorials
  • ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਕਾਰਵਾਈ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਨੂੰ ਕੈਪਟਨ ‘ਤੇ ਸ਼ੱਕ
Editorials

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਕਾਰਵਾਈ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਨੂੰ ਕੈਪਟਨ ‘ਤੇ ਸ਼ੱਕ

ਪੰਜਾਬ ਵਿਚ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਸਮੇਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਵਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ, ਉਸ ‘ਤੇ ਅਜੇ ਤੱਕ ਸਿਆਸਤ ਹੀ ਚੱਲ ਰਹੀ ਹੈ। ਕੈ. ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਪਰ ਪਤਾ ਨਹੀਂ ਕੁੱਝ ਮਜਬੂਰੀ ਵਸ ਉਹ ਇਸ ਰਿਪੋਰਟ ਨੂੰ ਵਿਧਾਨ ਸਭਾ ਵਿਚ ਜਨਤਕ ਕਰਨ ਦੀ ਥਾਂ ਅਤੇ ਮਨੋਨੀਤ ਦੋਸ਼ੀਆਂ ਦੇ ਨਾਂ ਉਜਾਗਰ ਕਰਨ ਤੋਂ ਡਰਦੇ ਰਹੇ ਹਨ।
ਰਿਪੋਰਟ ਆਈ ਨੂੰ ਕਰੀਬ ਇਕ ਮਹੀਨਾ ਹੋ ਚੁੱਕਾ ਹੈ ਪਰ ਅਜੇ ਤੱਕ ਕੈ. ਅਮਰਿੰਦਰ ਸਿੰਘ ਨੇ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ, ਜਿਸ ਨਾਲ ਸਿੱਖ ਭਾਈਚਾਰਾ ਸੰਤੁਸ਼ਟੀ ਮਹਿਸੂਸ ਕਰ ਸਕੇ। ਭਾਰਤ ਦੇ ਸਿੱਖਾਂ ਹੀ ਨਹੀਂ ਪ੍ਰਵਾਸੀਆਂ ਪੰਜਾਬੀਆਂ ਵਿਚ ਵੀ ਰਿਪੋਰਟ ਨੂੰ ਲੈ ਕੇ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ। ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਕੈ. ਅਮਰਿੰਦਰ ਸਿੰਘ ਜਾਣਬੂਝ ਕੇ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਨੂੰ ਕੈ. ਅਮਰਿੰਦਰ ਸਿੰਘ ਦੀ ਨੀਅਤ ‘ਤੇ ਸ਼ੱਕ ਹੈ। ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਰਿਪੋਰਟ ‘ਤੇ ਕੋਈ ਕਾਰਵਾਈ ਹੋਵੇਗੀ ਕਿਉਂਕਿ ਜਿਸ ਹਿਸਾਬ ਨਾਲ ਕੈ. ਅਮਰਿੰਦਰ ਸਿੰਘ ਚੱਲ ਰਹੇ ਹਨ ਅਤੇ ਵਿਰੋਧੀ ਧਿਰ ਰੌਲਾ ਪਾ ਰਹੀ ਹੈ, ਇਹ ਸਾਰਾ ਇਕ ਸਿਆਸੀ ਮਸਲਾ ਬਣ ਕੇ ਰਹਿ ਜਾਵੇਗਾ ਅਤੇ ਸਮੇਂ ਦੇ ਆਉਣ ਨਾਲ ਇਹ ਰਿਪੋਰਟ ਵੀ ਮਿੱਟੀ ਹੋ ਜਾਵੇਗੀ ਤੇ ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋ ਜਾਣਗੇ।
ਇਹ ਖੁਲਾਸਾ ਜ਼ਰੂਰ ਹੋਇਆ ਹੈ ਕਿ ਇਸ ਰਿਪੋਰਟ ਵਿਚ ਅਕਾਲੀਆਂ ਦੇ ਉਚ ਆਗੂਆਂ ਦੇ ਨਾਮ ਵੀ ਆਉਂਦੇ ਹਨ, ਜਿਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹਾਲਾਂÎਕ ਕੋਈ ਵੀ ਦੋਸ਼ ਮੰਨਣ ਨੂੰ ਜਾਂ ਇਨ੍ਹਾਂ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ ਹੈ। ਕੈ. ਅਮਰਿੰਦਰ ਸਿੰਘ ਇਸ ਵੇਲੇ ਬਹੁਤ ਹੀ ਜ਼ਿਆਦਾ ਕਮਜ਼ੋਰ ਪੈ ਗਏ ਹਨ। ਉਨ੍ਹਾਂ ਦੀ ਮਜਬੂਰੀ ਹੋ ਸਕਦੀ ਹੈ ਕਿ ਜੇਕਰ ਉਹ ਇਸ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀਆਂ ਨੂੰ ਸਜ਼ਾ ਦਵਾਉਂਦੇ ਹਨ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਮਾਹੌਲ ਖਰਾਬ ਹੋਣ ‘ਤੇ ਕੇਂਦਰ ਦੀ ਭਾਜਪਾ ਗਠਜੋੜ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਰਾਜ ਜਾਂ ਐਮਰਜੰਸੀ ਲਾ ਸਕਦੀ ਹੈ। ਇਹ ਵੀ ਉਨ੍ਹਾਂ ਦਾ ਇਕ ਡਰ ਹੋ ਸਕਦਾ ਹੈ।
ਦੂਜਾ ਕੈ. ਅਮਰਿੰਦਰ ਸਿੰਘ ਦਾ ਚਿਹਰਾ ਦੱਸਦਾ ਹੈ ਕਿ ਉਹ ਕਿਸੇ ਨਾ ਕਿਸੇ ਦਬਾਅ ਹੇਠ ਹਨ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਉਹ 2002 ਵਿਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਆਉਂਦਿਆਂ ਹੀ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਪੁੱਤਰ ਦੀਆਂ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਖੋਲ੍ਹ ਦਿੱਤੀਆਂ ਸਨ ਅਤੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਹੁਣ ਕੈ. ਅਮਰਿੰਦਰ ਸਿੰਘ ਆਪਣੀ ਕਾਰਵਾਈਨੂੰ ਬਹੁਤ ਹੀ ਬਦਲ ਰਹੇ ਹਨ।
ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੈ. ਅਮਰਿੰਦਰ ਸਿੰਘ ਬਾਦਲਕਿਆਂ ਨਾਲ ਮਿਲੇ ਹੋਏ ਹਨ, ਜਿਸ ਕਰਕੇ ਉਹ ਕਾਰਵਾਈ ਨਹੀਂ ਕਰ ਰਹੇ। ਹੁਣ ਗੱਲ ਪ੍ਰਵਾਸੀ ਪੰਜਾਬੀਆਂ ਦੀ ਵੀ ਸੁਣਨ ਵਾਲੀ ਹੈ। ਇਥੇ ਰਹਿੰਦੇ ਪ੍ਰਵਾਸੀ ਸਿੱਖ ਬਹੁਤ ਹੀ ਭਾਵੁਕ ਹਨ ਜੋ ਅਜਿਹੇ ਮਸਲਿਆਂ ‘ਤੇ ਬਹੁਤ ਹੀ ਗੰਭੀਰਤਾ ਨਾਲ ਚੱਲਦੇ ਹਨ। ਵਿਰੋਧੀ ਧਿਰ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਸੀ, ਜਿਸ ਤਰ੍ਹਾਂ ਵਿਧਾਨ ਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਵਲੋਂ ਬਾਹਰ ਅਤੇ ਅੰਦਰ ਬਹਿਸ ਤੇ ਨਾਅਰੇਬਾਜ਼ੀ ਕੀਤੀ ਗਈ, ਉਸ ਤੋਂ ਸਪਸ਼ਟ ਜਾਪਦਾ ਸੀ ਕਿ ਕੋਈ ਵੀ ਸਿੱਖਾਂ ਦੀਆਂ ਭਾਵਨਾਵਾਂ ਦਾ ਕਦਰਦਾਨ ਨਹੀਂ ਹੈ। ਸਗੋਂ ਆਪਣੀਆਂ-ਆਪਣੀਆਂ ਵੋਟਾਂ ਲਈ ਖੇਡ ਖੇਡ ਰਹੇ ਹਨ। ਜੇਕਰ ਵਿਰੋਧੀ ਧਿਰ ਚੁੱਪਚਾਪ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਬਕਾਇਦਾ ਰੱਖਣ ਦਿੰਦੀ ਅਤੇ ਇਸ ‘ਤੇ ਬਣਦੀ ਬਹਿਸ ਕਰਦੀ ਤਾਂ ਸ਼ਾਇਦ ਕੋਈ ਹੱਲ ਨਿਕਲ ਜਾਂਦਾ ਤੇ ਸਰਕਾਰ ਨੂੰ ਵੀ ਕਿਸੇ ਕਾਰਵਾਈ ਦਾ ਮੌਕਾ ਮਿਲਦਾ। ਅਜੇ ਤੱਕ ਰਿਪੋਰਟ ਵਿਚ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ ਸਿਰਫ ਅਫਵਾਹਾਂ ਦੇ ਦੌਰ ‘ਤੇ ਹੀ ਸਭ ਕੁੱਝ ਚੱਲ ਰਿਹਾ ਹੈ। ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆਉਂਦਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਲੋਕ ਕਿਉਂ ਬੇਅਦਬੀ ਕਰਦੇ ਹਨ। ਦੋਸ਼ੀ ਭਾਵੇਂ ਕੋਈ ਵੀ ਹੋਵੇ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੋਸ਼ ਸਿੱਧ ਹੋਣ ‘ਤੇ ਜਨਤਾ ਸਾਹਮਣੇ ਲਿਆਉਣਾ ਚਾਹੀਦਾ ਹੈ।
ਗੁਰਮੀਤ ਸਿੰਘ, ਮੁੱਖ ਸੰਪਾਦਕ

Related posts

ਕਾਂਗਰਸ ਦੀ ਲੋਕਸਭਾ ਚੋਣਾਂ 2019 ਦੀ ਰਣਨੀਤੀ

admin

ਵੋਟਾਂ ਦੀ ਛਾਵੇਂ-ਛਾਵੇਂ ਜਮਹੂਰੀਅਤ ਨੂੰ ਸੇਕ

admin

ਕਿੱਥੇ ਜਾਕੇ ਖ਼ਤਮ ਹੋਵੇਗੀ ਨਫ਼ਰਤ ਵਿਰੁੱਧ ਲੜਾਈ

admin

Leave a Comment