Apna Punjab Media
  • Home
  • editorial
  • ਦਿੱਲੀ ਚੋਣਾਂ : ਲੋਕ-ਮਨ ਦੀਆਂ ਗੁੰਝਲਾਂ
editorial

ਦਿੱਲੀ ਚੋਣਾਂ : ਲੋਕ-ਮਨ ਦੀਆਂ ਗੁੰਝਲਾਂ

ਦਹ ਸਮਝਣਾ ਕਿ ਲੋਕ ਕਿਵੇਂ ਸੋਚਦੇ ਹਨ ਅਤੇ ਵੱਖ ਵੱਖ ਸਥਿਤੀਆਂ ਵਿਚ ਉਨ੍ਹਾਂ ਦਾ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਸਿਆਸੀ ਵਿਹਾਰ ਕਿਹੋ ਜਿਹਾ ਹੁੰਦਾ ਹੈ, ਬਹੁਤ ਮੁਸ਼ਕਲ ਹੈ। ਸਮਾਜ, ਸੱਭਿਆਚਾਰ, ਵਪਾਰ, ਘਰ-ਪਰਿਵਾਰ, ਸਿਆਸਤ, ਸਾਹਿਤ, ਮਨੋਰੰਜਨ, ਆਪਸੀ ਰਿਸ਼ਤੇ ਆਦਿ ਵਿਚ ਲੋਕ-ਵਿਹਾਰ ਵੱਖ ਵੱਖ ਤਰ੍ਹਾਂ ਦਾ ਹੋਣ ਨਾਲ ਆਪਾ-ਵਿਰੋਧੀ ਹੋ ਸਕਦਾ ਹੈ ਜਿਵੇਂ ਕੋਈ ਵਿਅਕਤੀ ਸਿਆਸੀ ਤੌਰ ‘ਤੇ ਅਗਾਂਹਵਧੂ, ਉਦਾਰਵਾਦੀ ਤੇ ਸਹਿਣਸ਼ੀਲ ਹੋ ਸਕਦਾ ਹੈ ਪਰ ਸਮਾਜਿਕ ਖੇਤਰ ਵਿਚ ਜਾਤੀਵਾਦੀ ਅਤੇ ਔਰਤ-ਵਿਰੋਧੀ। ਇਹ ਜਾਣਨਾ ਕਿ ਲੋਕਾਂ ਦੀ ਸਮੂਹਿਕ ਚੇਤਨਾ ਤੇ ਤਾਕਤ ਕਿਸ ਪਾਸੇ ਜਾ ਰਹੀਆਂ ਹਨ, ਬਹੁਤ ਮੁਸ਼ਕਲ ਹੁੰਦਾ ਹੈ। ਜਮਹੂਰੀ ਪ੍ਰਕਿਰਿਆ ਵਿਚ ਇਹ ਥਾਹ ਪਾਉਣੀ ਕਿ ਲੋਕ ਕਿਸ ਪਾਸੇ ਤੇ ਕਿਉਂ ਵੋਟ ਕਰਨਗੇ, ਵੀ ਜੋਖ਼ਮ ਭਰਿਆ ਕੰਮ ਹੈ। ਜਮਹੂਰੀ ਦੇਸ਼ਾਂ ਵਿਚ ਵੋਟ ਪਾਉਣ ਦੀ ਪ੍ਰਕਿਰਿਆ ਤੈਅ ਕਰਦੀ ਹੈ ਕਿ ਲੋਕਾਂ ਵਿਚ ਆਪਾ-ਵਿਰੋਧੀ ਵਿਚਾਰਾਂ ਦੀ ਹੋਂਦ ਦੇ ਬਾਵਜੂਦ ਸਮਾਜ ਦੀ ਸਮੂਹਿਕ ਸੋਚ ਕਿਸ ਪਾਸੇ ਖਲੋਤੀ ਹੈ। ਦਿੱਲੀ ਵਿਧਾਨ ਸਭਾ ਦੀਆਂ ਹੁਣੇ ਹੋਈਆਂ ਚੋਣਾਂ ਇਸ ਜਟਿਲ ਵਰਤਾਰੇ ਦੀ ਗਵਾਹੀ ਭਰਦੀਆਂ ਹਨ।
ਲੋਕ ਕੌਣ ਹਨ? ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਆਗੂ, ਸੱਭਿਆਚਾਰਕ ਕਾਰਕੁਨ, ਰਾਜਸੀ ਨੇਤਾ, ਵਪਾਰੀ, ਸਰਮਾਏਦਾਰ, ਵੱਖ ਵੱਖ ਜਾਤਾਂ, ਜਮਾਤਾਂ ਤੇ ਵਰਗਾਂ ਦੇ ਆਗੂ, ਬੁੱਧੀਜੀਵੀ, ਚਿੰਤਕ ਤੇ ਸਮਾਜ ਸ਼ਾਸਤਰੀ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਚਿਤਵਦੇ ਹਨ। ਸ਼ਾਹੀਨ ਬਾਗ਼ ‘ਚ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੇ ਅੰਦੋਲਨਕਾਰੀ ਵੀ ਲੋਕ ਹਨ ਅਤੇ ਕਿਸੇ ਨਿਹੱਥੇ ਬੰਦੇ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਹੋਏ ਹਜੂਮ ਵੀ। ਮਜ਼ਦੂਰਾਂ, ਕਿਸਾਨਾਂ ਅਤੇ ਦਬੇ-ਕੁਚਲੇ ਮਿਹਨਤਕਸ਼ਾਂ ਦੇ ਹੱਕਾਂ ਦੀ ਰਾਖੀ ਲਈ ਕੁਰਬਾਨੀਆਂ ਦਿੰਦੇ ਮਰਦ ਤੇ ਔਰਤਾਂ ਵੀ ਲੋਕ ਹਨ ਅਤੇ ਵੱਖ ਵੱਖ ਦੇਸ਼ਾਂ ਵਿਚ ਘੱਟਗਿਣਤੀ ਫ਼ਿਰਕਿਆਂ ਦੇ ਬਾਸ਼ਿੰਦਿਆਂ ਦਾ ਕਤਲੇਆਮ ਕਰਦੀਆਂ ਅਤੇ ਉਨ੍ਹਾਂ ਨੂੰ ਉਜਾੜਦੀਆਂ ਹੋਈਆਂ ਭੀੜਾਂ ਵੀ ਲੋਕ ਹਨ। ਪ੍ਰਗਤੀਸ਼ੀਲ ਤੇ ਹਾਂ-ਪੱਖੀ ਸੋਚ ਵਾਲੇ ਲੇਖਕ, ਸ਼ਾਇਰ ਤੇ ਚਿੰਤਕ ਲੋਕਾਂ ਨੂੰ ਸਾਂਝੀਵਾਲਤਾ ਤੇ ਆਪਣੇ ਹੱਕਾਂ ਲਈ ਲੜਨ ਵਾਲੇ ਸਮੂਹਾਂ ਵਜੋਂ ਚਿਤਵਦੇ ਹਨ ਅਤੇ ਵੱਖ ਵੱਖ ਕੱਟੜਪੰਥੀ ਆਗੂ ਆਪਣੇ ਧਰਮ ਨਾਲ ਸਬੰਧਿਤ ਲੋਕਾਂ ਨੂੰ ਅਜਿਹੇ ਸਮੂਹਾਂ ਜਾਂ ਟੋਲਿਆਂ ਵਜੋਂ ਜਿਹੜੇ ਦੂਸਰੇ ਧਰਮਾਂ ਦੇ ਲੋਕਾਂ ਨਾਲ ਫ਼ਿਰਕੂ ਆਧਾਰ ‘ਤੇ ਟੱਕਰ ਲੈਂਦੇ ਹੋਏ ਉਨ੍ਹਾਂ ਦੀਆਂ ਜਾਨਾਂ ਲੈਣ ਤਕ ਜਾ ਸਕਦੇ ਹਨ। ਇਸ ਤਰ੍ਹਾਂ ‘ਲੋਕਾਂ’ ਦਾ ਤਸੱਵਰ ਹਰ ਜਾਤ, ਜਮਾਤ, ਵਰਗ, ਧਾਰਮਿਕ ਭਾਈਚਾਰੇ, ਸਿਆਸੀ ਪਾਰਟੀ ਅਤੇ ਸਥਾਨਕ ਵਸੋਂ ਲਈ ਵੱਖਰਾ ਵੱਖਰਾ ਹੁੰਦਾ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਿਆਸੀ ਆਗੂਆਂ ਨੂੰ ਲੋਕ-ਮਨ ਦੀ ਇਸ ਜਟਿਲਤਾ ਨਾਲ ਜੂਝਣਾ ਪਿਆ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਦਿੱਲੀ ਦੀਆਂ ਸਮੁੱਚੀਆਂ ਸੱਤ ਸੀਟਾਂ ‘ਤੇ ਵੱਡੀ ਜਿੱਤ ਦਰਜ ਕੀਤੀ। ਭਾਜਪਾ ਨੂੰ 46 ਫ਼ੀਸਦੀ, ਆਮ ਆਦਮੀ ਪਾਰਟੀ ਨੂੰ 32 ਫ਼ੀਸਦੀ ਅਤੇ ਕਾਂਗਰਸ ਨੂੰ 15 ਫ਼ੀਸਦੀ ਵੋਟ ਪਏ। ਉਨ੍ਹਾਂ ਚੋਣਾਂ ਵਿਚ 282 ਸੀਟਾਂ ਜਿੱਤ ਕੇ ਭਾਜਪਾ ਸਵੈ-ਵਿਸ਼ਵਾਸ ਤੇ ਅਭਿਮਾਨ ਨਾਲ ਭਰੀ ਅਤੇ ਲੋਕ-ਮਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਣ ਵਾਲੀ ਪਾਰਟੀ ਵਜੋਂ ਉਭਰੀ ਪਰ 9 ਮਹੀਨਿਆਂ ਬਾਅਦ (ਫਰਵਰੀ 2015) ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਮੂੰਹ ਦੀ ਖਾਣੀ ਪਈ। ‘ਆਪ’ ਨੇ ਮਈ 2014 ਦੀਆਂ ਲੋਕ ਸਭਾ ਚੋਣਾਂ ਤੋਂ 24 ਫ਼ੀਸਦੀ ਵੱਧ ਵੋਟਾਂ ਲੈ ਕੇ 70 ਵਿਚੋਂ 67 ਸੀਟਾਂ ਜਿੱਤੀਆਂ। ਉਸ ਨੂੰ 54 ਫ਼ੀਸਦੀ ਵੋਟਾਂ ਪਈਆਂ ਤੇ ਭਾਜਪਾ ਦੀਆਂ ਵੋਟਾਂ ਘਟ ਕੇ 32 ਫ਼ੀਸਦੀ ਰਹਿ ਗਈਆਂ। ਕਾਂਗਰਸ ਨੂੰ ਸਿਰਫ਼ 9.7 ਫ਼ੀਸਦੀ ਵੋਟਾਂ ਮਿਲੀਆਂ। 
2019 ਦੀਆਂ ਲੋਕ ਸਭਾ ਚੋਣਾਂ ਭਾਜਪਾ ਨੇ ਪੁਲਵਾਮਾ ਵਿਚ ਸੀਆਰਪੀਐੱਫ਼ ‘ਤੇ ਹੋਏ ਦਹਿਸ਼ਤਗਰਦਾਂ ਦੇ ਹਮਲੇ, ਪਾਕਿਸਤਾਨ ਵਿਚ ਬਾਲਾਕੋਟ ਵਿਚ ਭਾਰਤ ਦੀ ਹਵਾਈ ਫ਼ੌਜ ਵੱਲੋਂ ਕੀਤੀ ਕਾਰਵਾਈ ਅਤੇ ਅੰਧ-ਰਾਸ਼ਟਰਵਾਦ ਦੇ ਮੁੱਦੇ ‘ਤੇ ਲੜੀਆਂ ਤੇ 303 ਸੀਟਾਂ ਜਿੱਤ ਕੇ ਮੋਦੀ-ਸ਼ਾਹ ਜੋੜੀ ਦੇ ਜਾਦੂ ਦੇ ਨਾਲ ਨਾਲ ਫ਼ਿਰਕੂ ਪਾੜੇ ਵਧਾਉਣ ਵਾਲੀ ਨੀਤੀ ਦੇ ਸਫ਼ਲ ਹੋਣ ਦਾ ਸਬੂਤ ਦਿੱਤਾ। ਦਿੱਲੀ ਵਿਚ ਭਾਜਪਾ ਨੇ ਫਿਰ ਸਮੁੱਚੀਆਂ ਸੱਤ ਸੀਟਾਂ ਜਿੱਤੀਆਂ ਤੇ ਉਸ ਨੂੰ 56 ਫ਼ੀਸਦੀ ਵੋਟਾਂ ਮਿਲੀਆਂ। ਕਾਂਗਰਸ ਦੂਸਰੇ ਨੰਬਰ ਦੀ ਪਾਰਟੀ ਬਣ ਕੇ ਉਭਰੀ ਤੇ ਉਸ ਨੂੰ 22 ਫ਼ੀਸਦੀ ਵੋਟਾਂ ਮਿਲੀਆਂ। ‘ਆਪ’ 18 ਫ਼ੀਸਦੀ ਵੋਟਾਂ ਲੈ ਕੇ ਤੀਸਰੇ ਨੰਬਰ ‘ਤੇ ਰਹੀ। ਫਰਵਰੀ 2020 ਵਿਚ ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ। ਕੀ ਜੂਨ-ਜੁਲਾਈ 2019 ਵਿਚ ਕੋਈ ਸਿਆਸੀ ਮਾਹਿਰ ਇਹ ਅੰਦਾਜ਼ਾ ਲਗਾ ਸਕਦਾ ਸੀ ਕਿ ਮਈ ਦੀਆਂ ਲੋਕ ਸਭਾ ਚੋਣਾਂ ਵਿਚ 18 ਫ਼ੀਸਦੀ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਫਰਵਰੀ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ 53.6 ਫ਼ੀਸਦੀ ਵੋਟਾਂ ਲੈ ਕੇ 62 ਸੀਟਾਂ ਜਿੱਤੇਗੀ। ਇਹ ਸਭ ਉਦੋਂ ਹੋਇਆ ਜਦੋਂ ਭਾਜਪਾ ਨੇ ਚੋਣਾਂ ਜਿੱਤਣ ਲਈ ਪੂਰਾ ਟਿੱਲ ਲਾਇਆ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਭਾਜਪਾ ਪ੍ਰਧਾਨ, ਰਾਜਾਂ ਦੇ ਮੁੱਖ ਮੰਤਰੀਆਂ, ਦੋ ਸੌ ਤੋਂ ਜ਼ਿਆਦਾ ਸੰਸਦ ਮੈਂਬਰਾਂ, ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜੇ ਸਾਰੇ ਸੰਗਠਨਾਂ ਅਤੇ ਪਾਰਟੀ ਦੀ ਪੂਰੀ ਚੋਣ ਮਸ਼ੀਨਰੀ ਨੇ ਇਨ੍ਹਾਂ ਚੋਣਾਂ ਵਿਚ ਡਟ ਕੇ ਪ੍ਰਚਾਰ ਕੀਤਾ। ਵਿਰੋਧ ਕਰਨ ਵਾਲਿਆਂ ਨੂੰ ਪਾਕਿਸਤਾਨ ਦੇ ਹਮਾਇਤੀ, ਟੁਕਟੇ ਟੁਕੜੇ ਗੈਂਗ ਤੇ ਸ਼ਹਿਰੀ ਨਕਸਲੀ ਦੱਸਣ ਵਾਲੀ ਭਾਸ਼ਾ ਨੂੰ ਹੋਰ ਤਿੱਖਿਆਂ ਤੇ ਜ਼ਹਿਰੀਲਾ ਕਰਦਿਆਂ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ੩ ਕੋ’ ਨਾਅਰਿਆਂ ਰਾਹੀਂ ਫ਼ਿਰਕੂ ਪਾੜਾ ਵਧਾਉਣ ਦੀ ਰਣਨੀਤੀ ਨੂੰ ਬ੍ਰਹਮ-ਅਸਤਰ ਸਮਝਦਿਆਂ ਇਸ ਦੀ ਵਰਤੋਂ ਪੂਰੇ ਜੋਸ਼-ਖਰੋਸ਼ ਨਾਲ ਕੀਤੀ ਗਈ। ਕੁਝ ਆਗੂਆਂ ਨੇ ਤਾਂ ਸੱਭਿਅਤਾ ਤੇ ਮਰਿਆਦਾ ਦੇ ਮਿਆਰਾਂ ਨੂੰ ਤਿਲਾਂਜਲੀ ਦਿੰਦੇ ਹੋਏ ਨਫ਼ਰਤ ਦੀ ਸਿਆਸਤ ਨੂੰ ਚੋਣ ਪ੍ਰਚਾਰ ਦੇ ਕੇਂਦਰ ਵਿਚ ਲੈ ਆਂਦਾ। ਕੇਂਦਰੀ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ‘ਤੇ ਕੁਝ ਸਮੇਂ ਲਈ ਰੋਕ ਤਾਂ ਲਾਈ ਪਰ ਪੁਲੀਸ ਨੂੰ ਕੇਸ ਦਰਜ ਕਰਨ ਲਈ ਨਾ ਕਿਹਾ। ਦੂਸਰੇ ਪਾਸੇ ਕੇਜਰੀਵਾਲ ਨੇ ਵਿੱਦਿਆ, ਸਿਹਤ, ਪਾਣੀ, ਬਿਜਲੀ, ਟਰਾਂਸਪੋਰਟ ਦੇ ਖੇਤਰਾਂ ਵਿਚ ਆਪਣੀਆਂ ਪ੍ਰਾਪਤੀਆਂ ਨੂੰ ਚੋਣ ਮੁੱਦੇ ਬਣਾਇਆ। 
-ਗੁਰਮੀਤ ਸਿੰਘ

Related posts

ਆਜ਼ਾਦੀ ਸੰਗਰਾਮ ਦੇ ਝੰਡਾਬਰਦਾਰ ਗੁਰੂ ਰਾਮ ਸਿੰਘ

admin

ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ

admin

ਹਕੂਮਤੀ ਹਿੰਸਾ ਦੀ ਇਤਿਹਾਸਕ ਜ਼ਮੀਨ

admin

Leave a Comment