International

ਕੋਰੋਨਾ ਦਾ ਵਿਦਿਆਰਥੀਆਂ ਤੇ ਪ੍ਰਭਾਵ

    21-07-21

ਕੋਰੋਨਾ ਮਹਾਂਮਾਰੀ ਕਾਰਨ ਸਾਡੇ ਦੇਸ਼ ਵਿਚ ਇਹ ਕਿਵੇਂ ਦਾ ਸਮਾਂ ਆ ਗਿਆ ਹੈ, ਸਾਡੇ ਬੱਚਿਆਂ ਖ਼ਾਸ ਕਰਕੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਪੜ੍ਹਨਾ ਬੇਹੱਦ ਔਖਾ ਹੋ ਗਿਆ ਹੈ। ਕਿਉਂਕਿ ਆਨਲਾਈਨ ਸਿੱਖਿਆ ਲਈ ਉਨ੍ਹਾਂ ਕੋਲ ਸਮਾਰਟ ਫੋਨ ਅਤੇ ਹੋਰ ਮਹਿੰਗੇਬਿਜਲਈ ਉਪਕਰਨ ਨਹੀਂ ਹਨ। ਅਜਿਹੇ ਬੱਚਿਆਂ ਲਈ ਵਿੱਦਿਅਕ ਅਦਾਰੇ ਖੋਲ੍ਹਣ ਦੀ ਲੋੜ ਹੈ।

ਸਾਡੀ ਜਵਾਨ ਪਨੀਰੀ ਜੋ ਆਪਣੇ ਦੇਸ਼ ਦੇ ਸਿਸਟਮ ਤੋਂ ਅੱਕ-ਥੱਕ ਕੇ ਪਹਿਲਾਂ ਹੀ ਜਹਾਜ਼ਾਂ ਦੀਆਂ ਉਡਾਰੀਆਂ ਭਰ ਕੇ ਦੂਸਰੇ ਦੇਸ਼ਾਂ ਵਿਚ ਜਾ ਕੇ ਆਪਣੇ ਸੁਪਨੇ ਸਾਕਾਰ ਕਰਨ ਲੱਗਾ ਹੋਇਆ ਹੈ। ਉਨ੍ਹਾਂ ਨੇ ਤਾਂ ਸਮਝੌਤਾ ਕਰ ਲਿਆ ਹੈ ਆਪਣੀ ਜ਼ਿੰਦਗੀ ਨਾਲ, ਆਪਣੇ ਮਾਤਾ-ਪਿਤਾ ਨਾਲ, ਪਰ ਜਿਹੜੇ ਇੱਥੇ ਰਹਿ ਗਏ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਲੱਖਾਂ ਰੁਪਏ ਖ਼ਰਚ ਕੇ ਬਾਹਰ ਨਹੀਂ ਭੇਜ ਸਕਦੇ, ਉਨ੍ਹਾਂ ਦਾ ਕੀ ਬਣੇਗਾ? ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦੇ ਲੱਖਾਂ ਲੋਕ ਬੇਰੁਜ਼ਗਾਰ ਹੋ ਹਏ। ਲੋਕਾਂ ਦੇ ਕਾਰੋਬਾਰ ਬੰਦ ਹੋ ਗਏ। ਸਿਹਤ ਸਹੂਲਤਾਂ ਦੀ ਘਾਟ ਕਾਰਨ ਸਾਡੇ ਦੇਸ਼ ਦੇ ਅਨੇਕਾਂ ਲੋਕਾਂ ਦੀ ਜਾਨ ਗਈ। ਸਰਕਾਰ ਦੀ ਅਣਗਹਿਲੀ ਦਾ ਨਤੀਜਾ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੇਸ਼ ਦੀ ਸੱਤਾ 'ਤੇ ਕਾਬਜ਼ ਰਾਜਨੀਤਕ ਲੋਕ ਆਪਣੇ ਫਾਇਦੇ ਲਈ ਕਰੋੜਾਂ ਅਰਬਾਂ ਦੇ ਬਜਟ ਨਿਰਵਿਰੋਧ ਪਾਸ ਕਰ ਦਿੰਦੇ ਹਨ। ਦੇਸ਼ ਦਾ ਕਰੋੜਾਂ ਅਰਬਾਂ ਰੁਪਿਆਂ ਫਾਲਤੂ ਪ੍ਰਾਜੈਕਟ ਜਾਂ ਮੂਰਤੀਆਂ 'ਤੇ ਲਗਾਇਆ ਜਾਂਦਾ ਹੈ। ਅੱਜ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਅਨੇਕਾਂ ਲੋਕਾਂ ਦੀ ਜਾਨ ਜਾ ਰਹੀ ਹੈ, ਤਾਂ ਹੀ ਸਰਕਾਰ ਅਤੇ ਲੋਕਾਂ ਨੂੰ ਡਾਕਟਰਾਂ ਅਤੇ ਹਸਪਤਾਲਾਂ ਦੀ ਯਾਦ ਆ ਰਹੀ ਹੈ। ਦੇਸ਼ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਉਦਯੋਗਾਂ ਦੀ ਲੋੜ ਹੈ, ਤਾਂ ਜੋ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਪ੍ਰਾਪਤ ਕਰ ਸਕਣ। ਅੱਜ ਸਾਡਾ ਦੇਸ਼ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਬਿਮਾਰੀਆਂ ਦੀ ਲਪੇਟ ਵਿਚ ਪਿਸਦਾ ਜਾ ਰਿਹਾ ਹੈ। ਲੋੜ ਹੈ ਸਰਕਾਰਾਂ ਨੂੰ ਆਪਣੇ ਹਿੱਤ ਛੱਡ ਕੇ ਦੇਸ਼ ਦੇ ਲੋਕਾਂ ਦੇ ਹਿਤ ਵਿਚ ਸੋਚਣ ਦੀ, ਵਪਾਰਕ ਅਤੇ ਵਿੱਦਿਆਕ ਅਦਾਰਿਆਂ ਨੂੰ ਇਕ ਸਿਸਟਮ ਮੁਤਾਬਿਕ ਖੋਲ੍ਹ ਕੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

ਆਨਲਾਈਨ ਪੜ੍ਹਾਈ ਸਾਡੇ ਬੱਚਿਆਂ ਅਤੇ ਅਧਿਆਪਕਾਂ ਦੋਵਾਂ ਲਈ ਖ਼ਤਰਨਾਕ ਹੈ। ਆਨਲਾਈਨ ਪੜ੍ਹਾਈ ਨੂੰ ਲੈ ਕੇ ਬੱਚਿਆਂ ਦੇ ਹੱਥਾਂ ਵਿਚ ਦਿੱਤੇ ਮੋਬਾਈਲ ਇਨ੍ਹਾਂ ਲਈ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋਣਗੇ। ਪੜ੍ਹਾਈ ਦੇ ਚੱਕਰ ਵਿਚ ਬੱਚੇ ਇਨ੍ਹਾਂ ਖ਼ਤਰਨਾਕ ਯੰਤਰਾਂ ਕਾਰਨ ਕੁਰਾਹੇ ਪੈ ਰਹੇ ਹਨ। ਅੱਖਾਂ ਬੰਦ ਕਰਕੇ ਬੱਚਿਆਂ ਨੂੰ ਦਿੱਤੇ ਮੋਬਾਈਲ, ਬੱਚਿਆਂ ਦੇ ਆਚਰਣ 'ਤੇ ਬਹੁਤ ਬੁਰਾ ਪ੍ਰਭਾਵ ਪਾ ਰਹੇ ਹਨ, ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਸ਼ਲੀਲ ਤਸਵੀਰਾਂ ਨੂੰ ਦੇਖ ਕੇ ਸਾਡੇ ਅਨਭੋਲ ਬੱਚੇ ਇਸ ਦੀ ਗ੍ਰਸਤ ਵਿਚ ਡੁੱਬਦੇ ਜਾ ਰਹੇ ਹਨ, ਕੁਝ ਬਣਨ ਦੇ ਸੁਪਨਿਆਂ ਵਿਚ ਸੋਚਣ ਵਾਲੇ ਹੁਣ ਸੋਚਣਾ ਬੰਦ ਕਰਕੇ ਸਿਰਫ ਇਨ੍ਹਾਂ ਦੇ ਸਹਾਰੇ ਹੀ ਚੱਲ ਰਹੇ ਹਨ। ਸਮਾਂ ਰਹਿੰਦੇ ਜੇਕਰ ਸੰਭਾਲ ਲਿਆ ਗਿਆ ਤਾਂ ਸਾਡਾ ਭਵਿੱਖ ਬਚ ਸਕਦਾ ਹੈ ਨਹੀਂ ਤਾਂ ਅਸੀਂ ਖ਼ੁਦ ਬੱਚਿਆਂ ਦੇ ਡੁੱਬਦੇ ਭਵਿੱਖ ਨੂੰ ਦੇਖਾਂਗੇ।     

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll