International

ਜੀਵਨ ਦੇ ਬਾਹਰੀ ਪੱਖ

    26-07-21

 ਜੇਕਰ ਹਿੰਦੋਸਤਾਨੀ ਜੀਵਨ ਜਾਚ ਵਿਚ ਰਹਿਣ ਸਹਿਣ, ਲਿਬਾਸ ਪਾਉਣ, ਪੜ੍ਹਾਈ ਲਿਖਾਈ, ਕਾਰਾਂ, ਮੋਬਾਈਲ ਫ਼ੋਨਾਂ, ਕੰਪਿਊਟਰਾਂ, ਪਰਵਾਸ ਆਦਿ ’ਤੇ ਝਾਤੀ ਮਾਰੀ ਜਾਵੇ ਤਾਂ ਇਉਂ ਲੱਗੇਗਾ ਕਿ ਦੇਸ਼ ਆਧੁਨਿਕ ਯੁੱਗ ਵਿਚ ਪ੍ਰਵੇਸ਼ ਕਰ ਚੁੱਕਾ ਹੈ; ਪਰ ਜੇਕਰ ਦੇਸ਼ ਵਾਸੀਆਂ ਦੇ ਧਰਮਾਂ, ਫ਼ਿਰਕਿਆਂ, ਜਾਤਾਂ, ਵਿਆਹ-ਸ਼ਾਦੀਆਂ ਆਦਿ ਪ੍ਰਤੀ ਰਵੱਈਏ ਨੂੰ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਅਜੇ ਵੀ ਪੁਰਾਤਨ ਸਮਿਆਂ ਵਿਚ ਰਹਿ ਰਹੇ ਹਾਂ; ਅਸੀਂ ਆਪਣੇ ਆਪ ਨੂੰ ਪੁਰਾਣੀਆਂ ਸੋਚਾਂ, ਰੀਤੀ-ਰਿਵਾਜਾਂ, ਵਿਸ਼ਵਾਸਾਂ ਆਦਿ ਦੀਆਂ ਬੇੜੀਆਂ ਵਿਚ ਨੂੜਿਆ ਹੋਇਆ ਹੈ। ਇਹ ਤੱਥ ਅਮਰੀਕੀ ਸੰਸਥਾ ਪਿਊ ਰਿਸਰਚ ਸੈਂਟਰ (Pew Research Center) ਦੁਆਰਾ ਕਰਵਾਏ ਗਏ ਸਰਵੇਖਣ ਵਿਚ ਸਪੱਸ਼ਟ ਦਿਖਾਈ ਦਿੰਦੇ ਹਨ। ਪਿਊ ਰਿਸਰਚ ਸੈਂਟਰ ਪਿਊ ਚੈਰੀਟੇਬਲ ਟਰੱਸਟਾਂ ਦੀ ਬਣਾਈ ਹੋਈ ਸੰਸਥਾ ਹੈ। ਇਹ ਟਰੱਸਟ ਅਮਰੀਕਾ ਦੀ ਗੈਸ ਤੇ ਤੇਲ ਕੰਪਨੀ ‘ਸਨ ਆਇਲ ਕੰਪਨੀ’ (Sun Oil Company) ਦੇ ਮਾਲਕ ਪਿਊ (Pew) ਪਰਿਵਾਰ ਨੇ ਵੀਹਵੀਂ ਸਦੀ ਦੇ ਅੱਧ ਵਿਚ ਬਣਾਏ ਅਤੇ ਪਿਊ ਰਿਸਰਚ ਸੈਂਟਰ ਦੀ ਸਥਾਪਨਾ 1996 ਵਿਚ ਕੀਤੀ ਗਈ।

ਇਸ ਸਰਵੇਖਣ ਅਨੁਸਾਰ ਭਾਰਤ ਵਿਚ ਰਹਿਣ ਵਾਲੇ ਪ੍ਰਮੁੱਖ ਫ਼ਿਰਕੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿ ਧਾਰਮਿਕ ਪੱਖ ਤੋਂ ਸਹਿਣਸ਼ੀਲ ਹਨ। ਇਸ ਸਰਵੇਖਣ ਵਿਚ 29,999 ਲੋਕਾਂ ਤੋਂ ਵੱਖ ਵੱਖ ਵਿਸ਼ਿਆਂ ’ਤੇ ਸਵਾਲ ਪੁੱਛੇ ਗਏ। 84 ਫ਼ੀਸਦੀ ਲੋਕਾਂ ਦਾ ਵਿਸ਼ਵਾਸ ਸੀ ਕਿ ਸਾਰੇ ਧਰਮਾਂ ਦਾ ਆਦਰ ਕਰਨਾ ਮਹੱਤਵਪੂਰਨ ਹੈ ਪਰ ਇਸ ਦੇ ਨਾਲ ਨਾਲ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਧਰਮ ਦੂਸਰੇ ਧਰਮਾਂ ਤੋਂ ਬਿਲਕੁਲ ਵੱਖਰਾ ਹੈ; ਧਰਮਾਂ ਵਿਚ ਕੋਈ ਜ਼ਿਆਦਾ ਸਾਂਝ ਨਹੀਂ ਹੈ। ਹਰ ਧਰਮ ਦੇ 65 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦੇ ਵਿਚਾਰ ਇਹ ਹਨ ਕਿ ਆਪਣੇ ਧਰਮ ਦੀਆਂ ਔਰਤਾਂ ਤੇ ਮਰਦਾਂ ਨੂੰ ਦੂਜੇ ਧਰਮਾਂ ਦੇ ਮਰਦਾਂ ਅਤੇ ਔਰਤਾਂ ਨਾਲ ਵਿਆਹ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ 64 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਵਿਆਹ ਸਿਰਫ਼ ਆਪਣੀ ਜਾਤ ਬਿਰਾਦਰੀ ਵਿਚ ਹੀ ਕਰਨੇ ਚਾਹੀਦੇ ਹਨ ਅਤੇ ਮਰਦਾਂ ਤੇ ਔਰਤਾਂ ਨੂੰ ਅੰਤਰਜਾਤੀ ਵਿਆਹ ਕਰਨ ਤੋਂ ਰੋਕਣਾ ਮਹੱਤਵਪੂਰਨ ਹੈ। ਸਰਵੇਖਣ ਇਹ ਵੀ ਦੱਸਦਾ ਹੈ ਕਿ ਮਾਸ ਖਾਣ ਬਾਰੇ ਵਿਚਾਰ ਲੋਕਾਂ ਦੀ ਧਾਰਮਿਕ ਜੀਵਨ ਜਾਚ ਦਾ ਕੇਂਦਰੀ ਨੁਕਤਾ ਹਨ। ਦੇਸ਼ ਦੀ ਵੱਡੀ ਬਹੁਗਿਣਤੀ ਦੇ 64 ਫ਼ੀਸਦੀ ਲੋਕਾਂ ਅਨੁਸਾਰ ਸੱਚੇ ਭਾਰਤੀ ਹੋਣ ਲਈ ਹਿੰਦੂ ਹੋਣਾ ਬਹੁਤ ਮਹੱਤਵ ਰੱਖਦਾ ਹੈ।

ਇਸ ਸਰਵੇਖਣ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਵੱਖ ਵੱਖ ਖੇਤਰਾਂ ਵਿਚ ਲੋਕਾਂ ਦੇ ਵਿਸ਼ਵਾਸਾਂ ਵਿਚ ਅੰਤਰ ਹੈ। ਕੁਝ ਵਿਸ਼ਿਆਂ ਵਿਚ ਉੱਤਰੀ ਭਾਰਤ ਵਿਚ ਰਹਿਣ ਵਾਲੇ ਲੋਕਾਂ ਦੇ ਵਿਸ਼ਵਾਸ ਦੱਖਣੀ ਭਾਰਤ ਵਿਚ ਰਹਿਣ ਵਾਲੇ ਲੋਕਾਂ ਤੋਂ ਕਾਫ਼ੀ ਵੱਖਰੇ ਹਨ। ਸਰਵੇਖਣ ਇਹ ਵੀ ਦੱਸਦਾ ਹੈ ਕਿ ਲੋਕ ਆਪਣਾ ਧਰਮ ਜਲਦੀ ਨਹੀਂ ਬਦਲਦੇ ਅਤੇ 98 ਫ਼ੀਸਦੀ ਲੋਕ ਉਸੇ ਧਰਮ ਵਿਚ ਵਿਸ਼ਵਾਸ ਰੱਖਦੇ ਹਨ ਜਿਹੜਾ ਉਨ੍ਹਾਂ ਦੇ ਮਾਪਿਆਂ ਦਾ ਧਰਮ ਸੀ। ਇਸ ਤਰ੍ਹਾਂ ਇਹ ਫ਼ਿਰਕੂ ਕੱਟੜਪੰਥੀਆਂ ਦੁਆਰਾ ਲਵ ਜਹਾਦ ਦੇ ਪ੍ਰਚਾਰ ਦਾ ਪਰਦਾਫਾਸ਼ ਕਰਦਾ ਹੋਇਆ ਇਹ ਦੱਸਦਾ ਹੈ ਕਿ ਇਹੋ ਜਿਹੇ ਦੂਸ਼ਣਾਂ ਦਾ ਕੋਈ ਆਧਾਰ ਨਹੀਂ। ਪੰਜਾਬੀਆਂ ਵਾਸਤੇ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਸਿੱਖ ਭਾਈਚਾਰੇ ਦੀ ਵੱਡੀ ਬਹੁਗਿਣਤੀ (66 ਫ਼ੀਸਦੀ) ਦਾ ਮੰਨਣਾ ਹੈ ਕਿ ਦੇਸ਼ ਦੀ ਵੰਡ (1947) ਨੇ ਧਾਰਮਿਕ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਇਆ; ਮੁਸਲਮਾਨ ਭਾਈਚਾਰੇ ਦੇ 48 ਫ਼ੀਸਦੀ ਅਤੇ ਹਿੰਦੂ ਭਾਈਚਾਰੇ ਦੇ 43 ਫ਼ੀਸਦੀ ਲੋਕਾਂ ਅਨੁਸਾਰ ਇਹ ਵੰਡ ਧਾਰਮਿਕ ਰਿਸ਼ਤਿਆਂ ਲਈ ਨੁਕਸਾਨਦੇਹ ਸੀ। ਇਹ ਸਰਵੇਖਣ ਦੱਸਦਾ ਹੈ ਕਿ ਜੀਵਨ ਦੇ ਬਾਹਰੀ ਪੱਖਾਂ ਦਾ ਤਾਂ ਆਧੁਨਿਕੀਕਰਨ ਹੋ ਰਿਹਾ ਹੈ ਪਰ ਮਾਨਸਿਕਤਾ ’ਤੇ ਆਧੁਨਿਕਤਾ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ। ਇਸੇ ਤਰ੍ਹਾਂ ਜਿੱਥੇ ਧਾਰਮਿਕ ਸਹਿਣਸ਼ੀਲਤਾ ਪ੍ਰਮੁੱਖ ਸਕਾਰਾਤਾਮਕ ਗੁਣ ਵਜੋਂ ਉੱਭਰਦੀ ਹੈ, ਉੱਥੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਧਾਰਮਿਕ ਅਤੇ ਜਾਤੀਵਾਦੀ ਕੱਟੜਤਾ ਵੀ ਵੱਡੇ ਪੱਧਰ ’ਤੇ ਮੌਜੂਦ ਹੈ। ਇਨ੍ਹਾਂ ਸਮਾਜਿਕ ਸੱਚਾਈਆਂ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਫ਼ਿਰਕਾਪ੍ਰਸਤੀ ਅਤੇ ਜਾਤੀਵਾਦ ਵਿਰੁੱਧ ਲੜਾਈਆਂ ਤਾਂ ਹੀ ਲੜੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੇ ਸਮਾਜ ਦੀਆਂ ਹਕੀਕਤਾਂ ਨੂੰ ਜਾਣਦੇ ਹੋਈਏ।

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll