International

ਮਹਾਮਾਰੀ ਦੇ ਦੁਬਾਰਾ ਫੈਲਣ ਦੇ ਅਨੁਮਾਨ

    31-07-21

ਕੋਵਿਡ-19 ਦੀ ਮਹਾਮਾਰੀ ਦੇ ਦੁਬਾਰਾ ਵੱਡੇ ਪੱਧਰ ’ਤੇ ਫੈਲਣ ਦੇ ਅਨੁਮਾਨ ਅਤੇ ਆਸਾਰ ਫਿਰ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਕਰੋਨਾਵਾਇਰਸ ਦਾ ਡੈਲਟਾ ਰੂਪ ਜੋ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ, ਹੁਣ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਪ੍ਰਭਾਵਿਤ ਹੋਣ ਵਾਲੇ ਨਵੇਂ ਮਰੀਜ਼ਾਂ ’ਚੋਂ 83 ਫ਼ੀਸਦੀ ਡੈਲਟਾ ਰੂਪ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਇਹ ਰੂਪ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਫੈਲਿਆ। ਅਮਰੀਕਾ ਦੇ ‘ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਵੈਨਸ਼ਨ’ ਅਨੁਸਾਰ ਕਰੋਨਾਵਾਇਰਸ ਦਾ ਡੈਲਟਾ ਰੂਪ ਛੋਟੀ ਚੇਚਕ/ਚਿਕਨਪੌਕਸ (Chickenpox) ਵਾਂਗ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਦੇ ਪ੍ਰਭਾਵ ਸ਼ੁਰੂਆਤੀ ਦੌਰ ਵਾਲੇ ਕਰੋਨਾਵਾਇਰਸ ਦੇ ਰੂਪਾਂ ਤੋਂ ਜ਼ਿਆਦਾ ਖ਼ਤਰਨਾਕ ਹੋ ਸਕਦੇ ਹਨ। ਸੈਂਟਰ ਅਨੁਸਾਰ ਵੈਕਸੀਨ ਪ੍ਰਾਪਤ ਕਰ ਚੁੱਕੇ ਵਿਅਕਤੀ ਵੀ ਆਪਣੇ ਨੱਕ ਅਤੇ ਗਲੇ ਵਿਚ ਇਸ ਵਾਇਰਸ ਦੇ ਮੌਜੂਦ ਹੋਣ ਕਾਰਨ ਇਸ ਨੂੰ ਫੈਲਾ ਸਕਦੇ ਹਨ। ਇਸੇ ਕਾਰਨ ਅਮਰੀਕਾ ਅਤੇ ਹੋਰ ਦੇਸ਼ ਜੋ ਕਾਫ਼ੀ ਆਬਾਦੀ ਦਾ ਟੀਕਾਕਰਨ ਕਰ ਚੁੱਕੇ ਹਨ, ਮਾਸਕ ਲਾਉਣ ਜਿਹੀਆਂ ਪਾਬੰਦੀਆਂ ਹਟਾਉਣ ਬਾਰੇ ਸੋਚ ਰਹੇ ਸਨ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮਾਸਕ ਲਗਾਉਣਾ ਸਭ ਲਈ ਜ਼ਰੂਰੀ ਹੈ। ਮਹਾਮਾਰੀ ਤੋਂ ਬਚਣ ਲਈ ਵੈਕਸੀਨ ਨੂੰ ਹੀ ਸਭ ਤੋਂ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ।

ਭਾਰਤ ਵਿਚ ਵੈਕਸੀਨ ਲਗਾਉਣ ਦੀ ਰਫ਼ਤਾਰ ਬਾਰੇ ਫ਼ਿਕਰ ਜਤਾਏ ਜਾ ਰਹੇ ਹਨ। 21 ਜੂਨ 2021 ਨੂੰ ਵੈਕਸੀਨ ਲਗਾਉਣ ਦੀ ਨਵੀਂ ਨੀਤੀ ਲਾਗੂ ਕੀਤੀ ਗਈ ਅਤੇ ਉਸ ਦਿਨ 86 ਲੱਖ ਲੋਕਾਂ ਨੂੰ ਵੈਕਸੀਨ ਲਗਾਈ ਗਈ। ਹੁਣ ਵੈਕਸੀਨ ਲਗਾਉਣ ਦੀ ਰਫ਼ਤਾਰ ਘਟ ਕੇ ਲਗਭੱਗ 48 ਲੱਖ ਫ਼ੀ ਦਿਨ ਹੋ ਗਈ ਹੈ। ਜੁਲਾਈ ਦੇ ਪਹਿਲੇ ਹਫ਼ਤੇ ਇਹ ਔਸਤ ਬਹੁਤ ਘੱਟ ਸੀ, ਲਗਭੱਗ 34 ਲੱਖ ਫ਼ੀ ਦਿਨ। ਜੁਲਾਈ ਵਿਚ ਉੜੀਸਾ, ਰਾਜਸਥਾਨ, ਪੱਛਮੀ ਬੰਗਾਲ, ਤਾਮਿਲ ਨਾਡੂ ਅਤੇ ਦਿੱਲੀ ਨੇ ਵੈਕਸੀਨ ਦੀ ਕਮੀ ਬਾਰੇ ਸ਼ਿਕਾਇਤ ਕਰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਵੈਕਸੀਨ ਲਗਾਉਣ ਵਾਲੇ ਕਈ ਕੇਂਦਰ ਬੰਦ ਕਰਨੇ ਪੈ ਰਹੇ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜਿਹੀ ਜਾਣਕਾਰੀ ਗ਼ਲਤ ਤੇ ਲੋਕਾਂ ਵਿਚ ਡਰ ਫੈਲਾਉਣ ਵਾਲੀ ਹੈ। 14 ਜੁਲਾਈ 2021 ਦੇ ਇਕ ਬਿਆਨ ਵਿਚ ਨਵੇਂ ਬਣੇ ਸਿਹਤ ਮੰਤਰੀ ਨੇ ਵੈਕਸੀਨ ਦੀ ਕਮੀ ਦਾ ਕਾਰਨ ਸੂਬਾ ਸਰਕਾਰਾਂ ਵੱਲੋਂ ਕੀਤੀ ਗਈ ਬਦਇੰਤਜ਼ਾਮੀ ਨੂੰ ਦੱਸਿਆ ਸੀ। ਦੇਸ਼ ਵਿਚ ਹੁਣ ਤਕ ਵੈਕਸੀਨ ਦੇ 45 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਗਏ ਹਨ।

ਭਾਰਤ ਵਿਚ 18 ਸਾਲ ਦੀ ਉਮਰ ਤੋਂ ਵੱਧ ਦੀ ਵੱਸੋਂ ਲਗਭੱਗ 94 ਕਰੋੜ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਦਸੰਬਰ 2021 ਤਕ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਦੇ ਦਿੱਤੀਆਂ ਜਾਣ। ਸਰਕਾਰੀ ਅੰਕੜਿਆਂ ਅਨੁਸਾਰ ਔਰਤਾਂ ਵੈਕਸੀਨ ਲਗਵਾਉਣ ਵਿਚ ਪਿੱਛੇ ਹਨ। ਉਮਰ ਦੇ ਹਿਸਾਬ ਨਾਲ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਨੇ ਸਭ ਤੋਂ ਵੱਧ (41.12 ਫ਼ੀਸਦੀ) ਟੀਕੇ ਲਗਵਾਏ ਹਨ ਜਦੋਂ ਕਿ 45 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੇ 33.9 ਫ਼ੀਸਦੀ ਟੀਕੇ ਲਗਵਾਏ ਹਨ। 60 ਸਾਲ ਦੀ ਵੱਧ ਉਮਰ ਦੇ ਲੋਕਾਂ ਵਿਚ ਟੀਕੇ ਲਗਵਾਉਣ ਦੀ ਰਫ਼ਤਾਰ ਸਭ ਤੋਂ ਘੱਟ (24 ਫ਼ੀਸਦੀ) ਹੈ। ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਸਾਡਾ ਦੇਸ਼ ਵੈਕਸੀਨ ਲਗਾਉਣ ਵਿਚ ਪਛੜ ਰਿਹਾ ਹੈ। ਕੇਂਦਰ ਸਰਕਾਰ ਨੇ ਵੱਡੇ ਦਾਅਵੇ ਕੀਤੇ ਸਨ ਅਤੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਬਰਾਮਦ ਕਰਨ ਦੇ ਟੀਚੇ ਬਣਾਏ ਗਏ ਸਨ ਪਰ ਹੁਣ ਵੈਕਸੀਨ ਆਪਣੇ ਹੀ ਦੇਸ਼ ਦੇ ਲੋਕਾਂ ਤਕ ਨਹੀਂ ਪਹੁੰਚ ਰਹੀ। ਇਸੇ ਤਰ੍ਹਾਂ ਕਰੋਨਾਵਾਇਰਸ ਦੇ ਡੈਲਟਾ ਰੂਪ ਬਾਰੇ ਵੀ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ ਜਾ ਰਿਹਾ। ਜ਼ਿਆਦਾ ਜਾਣਕਾਰੀ ਦੂਸਰੇ ਦੇਸ਼ਾਂ ਤੋਂ ਆ ਰਹੀ ਹੈ। ਕੇਂਦਰ ਸਰਕਾਰ ਨੂੰ ਖੋਜ ਕਾਰਜਾਂ ਵਿਚ ਤੇਜ਼ੀ ਲਿਆਉਣ, ਸੂਬਿਆਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਅਤੇ ਪਾਰਦਰਸ਼ਤਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਵੱਡੇ ਉੱਦਮ ਕਰਨ ਦੀ ਜ਼ਰੂਰਤ ਹੈ।

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll