International

ਭੋਜਨ ਨੂੰ ਬਰਬਾਦ ਹੋਣ ਤੋਂ ਰੋਕਣਾ

    04-08-21

ਕੋਵਿਡ-19 ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਹ 2008 ਦੇ ਵਿਸ਼ਵ ਆਰਥਿਕ ਸੰਕਟ ਨਾਲੋਂ ਜ਼ਿਆਦਾ ਘਾਤਕ ਸਿੱਧ ਹੋਇਆ ਹੈ। ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਕਾਰਨ ਭਵਿੱਖ ’ਚ ਲਗਪਗ ਪੰਜਾਹ ਲੱਖ ਲੋਕ ਗ਼ਰੀਬੀ ਰੇਖਾ ਦੇ ਦਾਇਰੇ ’ਚ ਜਾ ਸਕਦੇ ਹਨ। ਇਸ ਮਹਾਮਾਰੀ ਦੌਰਾਨ ਦੁਨੀਆ ਭਰ ਦੇ ਅਨੇਕਾਂ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਤੇ ਉਨ੍ਹਾਂ ਦੇ ਪਰਿਵਾਰ ਰੋਜ਼ਾਨਾ ਦਿਹਾੜੀ ’ਤੇ ਨਿਰਭਰ ਕਰਦੇ ਹਨ। ਕੋਵਿਡ-19 ਕਾਰਨ ਉਨ੍ਹਾਂ ਦੀ ਆਮਦਨ ਬਹੁਤ ਘਟ ਗਈ ਹੈ।


ਸਾਰੇ ਸੰਸਾਰ ਵਿਚ ਲੱਖਾਂ ਲੋਕ ਘਾਤਕ ਕੁਪੋਸ਼ਣ ਅਤੇ ਕੋਵਿਡ-19 ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਫੂਡ ਸਕਿਓਰਟੀ (ਭੋਜਨ ਸੁਰੱਖਿਆ) ਵੀ ਅਸੁਰੱਖਿਅਤ ਹੁੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਅਸੁਰੱਖਿਅਤ ਬਣਾਈ ਗਈ ਫੂਡ ਸਕਿਓਰਟੀ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਅਨੁਮਾਨ ਅਨੁਸਾਰ ਭਾਰਤ ਵਿਚ ਪੈਦਾ ਕੀਤਾ ਜਾਣ ਵਾਲਾ ਲਗਪਗ 40% ਭੋਜਨ ਹਰ ਸਾਲ ਅਯੋਗ ਸਪਲਾਈ ਲੜੀ ਕਾਰਨ ਬਰਬਾਦ ਹੋ ਜਾਂਦਾ ਹੈ। ਫੂਡ ਸਕਿਓਰਟੀ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਭੋਜਨ ਦੀ ਸਪਲਾਈ ਲੜੀ ਦੇ ਬੁਨਿਆਦੀ ਢਾਂਚੇ ਨੂੰ ਠੀਕ ਕੀਤਾ ਜਾਵੇ ਤਾਂ ਜੋ ਇਸ ਕਾਰਨ ਖ਼ਰਾਬ ਹੋਣ ਵਾਲੇ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਕੋਵਿਡ-19 ਨੇ ਅਜੇ ਤਕ ਵਿਕਸਤ ਦੇਸ਼ਾਂ ਵਿਚ ਭੋਜਨ ਦੀ ਪਹੁੰਚ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ। ਜਲਦਬਾਜ਼ੀ ਵਾਲੀ ਤਾਲਾਬੰਦੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਵਿਚ ਇਸ ਦੀਆਂ ਖੰਡਿਤ ਅਤੇ ਨਾਜ਼ੁਕ ਭੋਜਨ ਪ੍ਰਣਾਲੀਆਂ ਅਤੇ ਸਪਲਾਈ ਲੜੀਆਂ ਸ਼ਾਮਲ ਹਨ। ਭਾਰਤ ਵਿਚ ਕੋਲਡ ਸਟੋਰੇਜ ਦੇ ਬੁਨਿਆਦੀ ਢਾਂਚੇ ਅਤੇ ਭੰਡਾਰਨ ਦੀ ਘਾਟ ਕਾਰਨ ਪੂਰੇ ਭੋਜਨ ਉਤਪਾਦਨਾਂ ਦੀ ਲਗਪਗ 20% ਉਪਜ ਬਾਜ਼ਾਰ ਵਿਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ। ਮਹਾਮਾਰੀ ਕਾਰਨ ਕੌਮੀ ਭੋਜਨ ਪ੍ਰਣਾਲੀ ’ਤੇ ਪਏ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਨੇ ਸਥਾਨਕ, ਖੇਤਰੀ ਅਤੇ ਰਾਸ਼ਟਰੀ ਸਪਲਾਈ ਚੇਨ ’ਤੇ ਗੰਭੀਰ ਅਸਰ ਪਾਇਆ ਹੈ। ਇਸ ਮਹਾਮਾਰੀ ਦੌਰਾਨ ਛੋਟੇ ਉਤਪਾਦਕਾਂ ਨੂੰ ਆਪਣੀ ਪੱਕੀ ਹੋਈ ਪੈਦਾਵਾਰ ਨੂੰ ਘਾਟੇ ’ਤੇ ਵੇਚਣਾ ਪਿਆ। ਭੰਡਾਰਨ ਅਤੇ ਆਵਾਜਾਈ ਦੀ ਸਹੂਲਤ ਨਾ ਮਿਲਣ ਕਾਰਨ ਸਬਜ਼ੀਆਂ ਖ਼ਰਾਬ ਹੋ ਗਈਆਂ। ਹੋਟਲ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਦੇ ਬੰਦ ਹੋਣ ਕਾਰਨ ਸਬਜ਼ੀਆਂ ਦੀ ਮੰਗ ਵੀ ਘਟ ਗਈ। ਕਿਸਾਨ ਸਬਜ਼ੀਆਂ ਦੇ ਉਤਪਾਦਨ ਦਾ ਖ਼ਰਚਾ ਵੀ ਪੂਰਾ ਨਹੀਂ ਕਰ ਸਕੇ।ਜੇ ਅਜਿਹੀ ਸਥਿਤੀ ਦੁਬਾਰਾ ਆਉਂਦੀ ਹੈ ਤਾਂ ਸਰਕਾਰ ਨੂੰ ਇਨ੍ਹਾਂ ਚੁਣੌਤੀਆਂ ਨੂੰ ਸੁਲਝਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਹਾਲਾਤ ਵਿਚ ਪਰਵਾਸੀ ਮਜ਼ਦੂਰਾਂ ਅਤੇ ਸੰਵੇਦਨਸ਼ੀਲ ਭਾਗਾਂ ਲਈ ਭੋਜਨ ਦੀ ੳਪਲਬਧਤਾ ਵੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਰਕਾਰ ਨੂੰ ਮੌਜੂਦਾ ਲੇਬਰ ਅਤੇ ਸੁਰੱਖਿਆ ਨਿਯਮਾਂ ’ਤੇ ਗੰਭਰੀਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਖਾੜੀ ਦੇਸ਼ਾਂ ਦੀਆਂ ਭੋਜਨ ਸਪਲਾਈ ਪ੍ਰਣਾਲੀਆਂ ਨੇ ਭੋਜਨ ਦੀ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਲਈ ਮਹਾਮਾਰੀ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਲਈ ਸਾਨੂੰ ਇਨ੍ਹਾਂ ਦੇਸ਼ਾਂ ਦੁਆਰਾ ਇਸਤੇਮਾਲ ਕੀਤੇ ਗਏ ਸਿਸਟਮ ਅਤੇ ਉਨ੍ਹਾਂ ਦੁਆਰਾ ਚੁੱਕੇ ਕਦਮਾਂ ਨੂੰ ਸਮਝਣ ਦੀ ਲੋੜ ਹੈ। ਇਸ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਨਵੀਂ ਭੋਜਨ ਸਪਲਾਈ ਲੜੀ ਵਿਕਸਤ ਕਰਨ ਦੀ ਲੋੜ ਹੈ। ਭੋਜਨ ਸਪਲਾਈ ਕਰਨ ਵਾਲੀ ਚੇਨ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਦੇ ਯੋਗ ਹੋਣੀ ਚਾਹੀਦੀ ਹੈ। ਥੋੜੇ੍ਹ ਤੇ ਲੰਬੇ ਸਮੇਂ ਵਿਚ ਪੋਸ਼ਣ ਦੀ ਕਮੀ ਸਿਹਤ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਅਤੇ ਮਨੁੱਖੀ ਸਿਹਤ ਨੂੰ ਲੰਬੇ ਸਮੇਂ ਤਕ ਪ੍ਰਭਾਵਿਤ ਕਰਦੀ ਹੈ। ਇਸ ਲਈ ਸਾਨੂੰ ਪੌਸ਼ਟਿਕ ਯੋਗਤਾ ਅਤੇ ਉੱਚਿਤ ਸ਼ਮੂਲੀਅਤ ਬਾਰੇ ਜਾਗਰੂਕਤਾ ਹੋਣ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਮੌਜੂਦਾ ਮਹਾਮਾਰੀ ਨੇ ਲੋਕਾਂ ਲਈ ਜ਼ੋਰਦਾਰ ਭੋਜਨ ਖੁਰਾਕ ਨੂੰ ਕਾਇਮ ਰੱਖਣ ਲਈ ਇਕ ਨਵੀਂ ਚੁਣੌਤੀ ਖੜ੍ਹੀ ਕੀਤੀ ਹੈ ਕਿਉਂਕਿ ਇਸ ਮਹਾਮਾਰੀ ਨੂੰ ਰੋਕਣ ਲਈ ਚੰਗੀ ਸਿਹਤ ਅਤੇ ਚੰਗੀ ਰੋਗ ਰੋਕੂ ਸਮਰੱਥਾ ਕਾਇਮ ਰੱਖਣ ਦੀ ਲੋੜ ਹੈ। ਇਹ ਵੀ ਸਾਬਿਤ ਹੋਇਆ ਹੈ ਕਿ ਪੌਸ਼ਟਿਕ ਸੰਤੁਲਿਤ ਖੁਰਾਕ ਦਾ ਇਮਿਊਨ ਸਿਸਟਮ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਹ ਬਿਮਾਰੀ ਦੀ ਕਮਜ਼ੋਰੀ ਨਾਲ ਲੜਨ ਵਿਚ ਸਹਾਇਤਾ ਕਰਦਾ ਹੈ।ਇਕ ਤਾਜ਼ਾ ਅਧਿਐਨ ਵਿਚ ਕਿਹਾ ਗਿਆ ਹੈ ਕਿ ਭੋਜਨ ਵਿਚ ਪਾਏ ਜਾਣ ਵਾਲੇ ਬਾਇਓਐਕਟਿਵ ਮਿਸ਼ਰਨ ਇਮਿਊਨ ਸਿਸਟਮ ਨੂੰ ਉਤਸ਼ਾਹਤ ਕਰਨ ਵਿਚ ਮਦਦ ਕਰਦੇ ਹਨ ਅਤੇ ਕੋਵਿਡ-19 ਨਾਲ ਮਜ਼ਬੂਤ ਸਬੰਧ ਰੱਖਦੇ ਹਨ। ਸਾਹ ਦੇ ਰੋਗਾਣੂਆਂ ਵਿਰੁੱਧ ਸਿਹਤਮੰਦ ਇਮਿਊਨਿਟੀ ਲਈ ਇਕ ਯੋਗ ਅਤੇ ਸੰਤੁਲਿਤ ਖੁਰਾਕ ਦੀ ਜ਼ਰੂਰਤ ਹੈ। ਭੋਜਨ ਸਮੱਗਰੀ ਵਿਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟਸ ਵਾਇਰਸ ਦੁਆਰਾ ਪ੍ਰੇਰਿਤ ਸਾਈਕੋਟਿਕਸ ਪਰੇਸ਼ਾਨੀ ਨੂੰ ਰੋਕ ਕੇ ਟਿਸ਼ੂਆਂ ਵਿਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਕੋਈ ਵੀ ਖੋਜ ਵਿਸ਼ੇਸ਼ ਤੌਰ ’ਤੇ ਕੋਵਿਡ-19 ਤੋਂ ਬਚਾਅ ਦਾ ਪੂਰਨ ਤੌਰ ’ਤੇ ਸਮਰਥਨ ਨਹੀਂ ਕਰਦੀ ਹੈ। ਇਸ ਲਈ ਵਿਟਾਮਿਨ-ਏ, ਸੀ, ਡੀ ਅਤੇ ਜ਼ਿੰਕ ਨਾਲ ਭਰਪੂਰ ਕੁਦਰਤੀ ਖੁਰਾਕ, ਤੰਦਰੁਸਤ ਜੀਵਨ-ਸ਼ੈਲੀ, ਸਰੀਰਕ ਦੂਰੀ ਆਦਿ ਹੀ ਕੋਵਿਡ-19 ਤੋਂ ਪੀੜਤ ਹੋਣ ਦੇ ਜੋਖ਼ਮ ਨੂੰ ਘੱਟ ਕਰਨ ਦਾ ਆਸਾਨ ਤਰੀਕਾ ਹੈ। ਕਿਸਾਨ ਅਤੇ ਮਜ਼ਦੂਰ ਸਾਡੀ ਭੋਜਨ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਇਸ ਲਈ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਲੋੜ ਹੈ।


     

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll