International

ਰੁਜ਼ਗਾਰ ਦੀ ਵੱਧਦੀ ਸਮੱਸਿਆ

    19-07-21

ਰੁਜ਼ਗਾਰ ਵਿਹੂਣੇ ਮੌਜੂਦਾ ਵਿਕਾਸ ਮਾਡਲ ਵਾਲੇ ਵੇਲਿਆਂ ਵਿਚ ਰੁਜ਼ਗਾਰ ਸਭ ਤੋਂ ਵੱਡਾ ਮੁੱਦਾ ਤਾਂ ਹੈ ਪਰ ਸਿਆਸੀ ਬਿਰਤਾਂਤ ਵਿਚ ਇਸ ਮੁੱਦੇ ਦੀ ਲੋੜੀਂਦੀ ਜਗ੍ਹਾ ਨਹੀਂ ਹੈ। ਸਾਲ 2016 ਵਿਚ ਹੈਦਰਾਬਾਦ ਯੂਨੀਵਰਸਿਟੀ ਦੇ ਪੀਐੱਚਡੀ ਵਿਦਿਆਰਥੀ ਰੋਹਿਤ ਵੇਮੁੱਲਾ ਦੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ਨੇ ਦੇਸ਼ ਭਰ ਵਿਚ ਬਹਿਸ ਨੂੰ ਜਨਮ ਦਿੱਤਾ ਸੀ। ਦੇਸ਼ ਵਿਚ ਬੌਧਿਕ ਤੌਰ ਉੱਤੇ ਜ਼ਹੀਨ ਪਰ ਗ਼ਰੀਬ ਤੇ ਸਮਾਜਿਕ ਦਰਜੇਬੰਦੀ ਵਿਚ ਹੇਠਲੇ ਪਾਏਦਾਨ ਉੱਤੇ ਵਿਚਰ ਰਹੇ ਨੌਜਵਾਨਾਂ ਨੂੰ ਕਿਹੋ ਜਿਹੇ ਮੁਸ਼ਕਿਲ ਹਾਲਾਤ ਵਿਚੋਂ ਲੰਘਣਾ ਪੈਂਦਾ ਹੈ। ਉੱਤਰ ਪ੍ਰਦੇਸ਼ ਦੇ ਆਬਾਦੀ ਘਟਾਉਣ ਨਾਲ ਸਬੰਧਿਤ ਬਿਲ ਦੇ ਖਰੜੇ ਉੱਤੇ ਬਹਿਸ ਦੇ ਦੌਰਾਨ ਹੀ ਪ੍ਰਯਾਗਰਾਜ ਦੇ 32 ਸਾਲਾ ਨੌਜਵਾਨ ਵਿਕਾਸ ਸਿੰਘ ਨੇ ਵੀ ਖ਼ੁਦਕੁਸ਼ੀ ਨੋਟ ਲਿਖ ਕੇ ਖ਼ੁਦਕੁਸ਼ੀ ਕੀਤੀ ਹੈ। ਉਸ ਨੇ ਆਪਣੇ ਮਾਪਿਆਂ ਅਤੇ ਪਰਿਵਾਰ ਵਾਲਿਆਂ ਤੋਂ ਮੁਆਫ਼ੀ ਮੰਗੀ ਹੈ ਕਿ ਤਮਾਮ ਕੋਸ਼ਿਸਾਂ ਦੇ ਬਾਵਜੂਦ ਨੌਕਰੀ ਨਹੀਂ ਮਿਲੀ, ਇਸ ਕਰਕੇ ਉਹ ਪੁੱਤਰ ਦਾ ਫਰਜ਼ ਨਿਭਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। ਉਹ ਕਿਰਾਏ ਉੱਤੇ ਕਮਰਾ ਲੈ ਕੇ ਸਿਵਲ ਸਰਵਿਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਹੋਰ ਇੰਟਰਵਿਊ ਵੀ ਦਿੱਤੀਆਂ ਪਰ ਰੁਜ਼ਗਾਰ ਨਹੀਂ ਮਿਲਿਆ।


ਦੇਸ਼ ਦੇ ਹੁਕਮਰਾਨਾਂ ਨੂੰ ਇਹ ਮਾਲੂਮ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਵੱਡਾ ਮੁੱਦਾ ਹੈ। ਇਸੇ ਕਰ ਕੇ 2014 ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਜਪਾ ਨੇ ਇਹ ਵਾਅਦਾ ਕੀਤਾ ਸੀ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਪੰਜਾਬ ਵਿਚ ਘਰ ਘਰ ਨੌਕਰੀ ਵਰਗਾ ਨਾਅਰਾ ਦਿੱਤਾ ਗਿਆ। ਯੂਪੀ ਅਤੇ ਪੰਜਾਬ ਦੇ ਵੋਟਰ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟ ਕਰਨ ਵਾਲੇ ਹਨ। ਅਜਿਹੇ ਸਮੇਂ ਸਰਕਾਰਾਂ ਰੁਜ਼ਗਾਰ ਦੇ ਅੰਕੜੇ ਤਲਾਸ਼ ਕਰਨ ਵਿਚ ਜੁਟੀਆਂ ਹਨ। ਵਿਕਾਸ ਸਿੰਘ ਦੀ ਮੌਤ ਸਰਕਾਰਾਂ ਦੇ ਅੰਕੜਿਆਂ ਅਤੇ ਬਿਆਨਾਂ ਦਾ ਮੂੰਹ ਚਿੜ੍ਹਾ ਰਹੀ ਹੈ। ਇਸ ਤੋਂ ਪਹਿਲਾਂ ਹੀ ਇਹ ਤੱਥ ਸਾਹਮਣੇ ਆ ਚੁੱਕੇ ਹਨ ਕਿ 2017-18 ਦੌਰਾਨ ਪਿਛਲੇ 45 ਸਾਲਾਂ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਰਹੀ ਸੀ। ਇਕ ਸਰਵੇ ਅਨੁਸਾਰ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 14.73 ਫ਼ੀਸਦ ਤੱਕ ਪਹੁੰਚ ਚੁੱਕੀ ਹੈ। ਕੇਂਦਰ ਸਰਕਾਰ ਦੀ ਨੀਤੀ ਰੇਲਵੇ ਸਮੇਤ ਵੱਡੇ ਅਦਾਰਿਆਂ ਦੇ ਨਿੱਜੀਕਰਨ ਦੇ ਰੁਖ਼ ਕਰ ਕੇ ਨੌਕਰੀਆਂ ਉੱਤੇ ਵਿਰਾਮ ਲੱਗਾ ਹੋਇਆ ਹੈ।


ਨੋਟਬੰਦੀ ਦੇ ਸਮੇਂ ਤੋਂ ਹੀ ਵੱਖ ਵੱਖ ਫ਼ੈਸਲਿਆਂ ਕਰਕੇ ਆਰਥਿਕ ਵਿਕਾਸ ਦੀ ਦਰ ਗਿਰਾਵਟ ਵੱਲ ਹੈ। ਕੋਵਿਡ-19 ਕਾਰਨ ਬੇਰੁਜ਼ਗਾਰੀ ਵਿਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਾਧਾ ਹੋਇਆ ਹੈ। ਨੌਜਵਾਨ ਰੁਜ਼ਗਾਰ ਜਾਂ ਫਿਰ ਜਿ਼ੰਦਗੀ ਜਿਊਣਯੋਗ ਬੇਰੁਜ਼ਗਾਰੀ ਭੱਤਾ ਚਾਹੁੰਦਾ ਹੈ। ਸਰਕਾਰਾਂ ਚੋਣਾਂ ਵੇਲੇ ਹਰ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਕਰਦੀਆਂ ਹਨ ਪਰ ਰੁਜ਼ਗਾਰ ਦੇ ਮੌਕੇ ਘੱਟ ਕਿਉਂ ਰਹੇ ਹਨ? ਨਵੇਂ ਮੌਕੇ ਕਿਸ ਤਰੀਕੇ ਨਾਲ ਪੈਦਾ ਹੋਣਗੇ ਅਤੇ ਇਸ ਲਈ ਪੈਸਾ ਕਿੱਥੋਂ ਆਵੇਗਾ? ਪਹਿਲਾਂ ਹੁਣ ਤੱਕ ਪੈਸਾ ਕਿਉਂ ਨਹੀਂ ਆਇਆ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਸੱਤਾਧਾਰੀ ਧਿਰ ਜਾਂ ਸੱਤਾ ਉੱਤੇ ਕਬਜ਼ੇ ਦੀ ਲੜਾਈ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਵਿਕਾਸ ਸਿੰਘ ਦੀ ਮੌਤ ਹੁਕਮਰਾਨਾਂ ਦੀ ਕਾਰਜਗੁਜ਼ਾਰੀ ਉੱਤੇ ਕਾਲਾ ਧੱਬਾ ਹੈ। ਇਸ ਨੂੰ ਧੋਣ ਲਈ ਰੁਜ਼ਗਾਰ ਮੁਖੀ ਵਿਆਪਕ ਪ੍ਰੋਗਰਾਮ ਦੀ ਲੋੜ ਹੈ।     

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll