International

ਅਫ਼ਗਾਨਿਸਤਾਨ ਦੀ ਸੱਤਾ

    06-09-21

ਪੰਦਰਾਂ ਅਗਸਤ ਨੂੰ ਤਕਰੀਬਨ ਵੀਹ ਸਾਲ ਬਾਅਦ ਤਾਲਿਬਾਨ ਲੜਾਕਿਆਂ ਨੇ ਦੁਬਾਰਾ ਫਿਰ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। 20 ਸਾਲ ਪਹਿਲਾਂ ਤਾਲਿਬਾਨ ਨਾਲ ਸਬੰਧਿਤ ਅੱਤਵਾਦੀ ਸੰਗਠਨ ਅਲਕਾਇਦਾ ਨੇ2001 ਵਿਚ 11 ਸਤੰਬਰ ਨੂੰ ਅਮਰੀਕਾ ਦੀ ਮਸ਼ਹੂਰ ਇਮਾਰਤ ਵਰਲਡ ਟਰੇਡ ਸੈਂਟਰ 'ਤੇ ਇਕ ਵੱਡਾ ਹਮਲਾ ਕੀਤਾ ਸੀ, ਜਿਸ ਵਿਚ ਅਮਰੀਕਾ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਨਾਟੋ ਅਤੇ ਕੁਝ ਹੋਰ ਦੇਸ਼ਾਂ ਨਾਲ ਰਲ ਕੇ ਅਫ਼ਗਾਨਿਸਤਾਨ 'ਤੇ ਹਮਲੇ ਕਰਕੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਸੱਤਾ 'ਚੋਂ ਬਾਹਰ ਕਰ ਦਿੱਤਾ ਅਤੇ ਉਥੇ ਆਪਣੇ ਪੱਖੀ ਸਰਕਾਰ ਬਣਾ ਦਿੱਤੀ ਜੋ ਕੁਝ ਦਿਨ ਪਹਿਲਾਂ ਤੱਕ ਸੱਤਾ ਵਿਚ ਰਹੀ।

ਸੰਨ 2020 ਵਿਚ ਅਮਰੀਕਾ ਦੀ ਟਰੰਪ ਸਰਕਾਰ ਨੇ ਤਾਲਿਬਾਨ ਨਾਲ ਕਤਰ ਦੀ ਰਾਜਧਾਨੀ ਦੋਹਾ ਵਿਚ ਸਮਝੌਤਾ ਕੀਤਾ ਕਿ ਉਹ ਤਾਲਿਬਾਨ ਨੂੰ ਕੁਝ ਸ਼ਰਤਾਂ ਤਹਿਤ ਅਫ਼ਗਾਨਿਸਤਾਨ ਦੀ ਸੱਤਾ ਸੌਂਪਣ ਲਈ ਤਿਆਰ ਹਨ। ਤਾਲਿਬਾਨ ਨੇ ਉਸ ਸਮੇਂ ਤੋਂ ਹੀ ਵਿਉਂਤਬੰਦੀ ਤਹਿਤ ਦੇਸ਼ 'ਤੇ ਕਾਬਜ਼ ਹੋਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕਰ ਦਿੱਤਾ ਕਿ ਉਹ ਸਮਝੌਤੇ ਤਹਿਤ 31 ਅਗਸਤ ਤੱਕ ਅਫ਼ਗਾਨਿਸਤਾਨ ਵਿਚੋਂ ਚਲੇ ਜਾਣਗੇ। ਅਮਰੀਕਾ ਨੇ ਆਪਣੀਆਂ ਫੌਜਾਂ ਨੂੰ ਅਫ਼ਗਾਨਿਸਤਾਨ ਵਿਚੋਂ ਬਾਹਰ ਕੱਢਣਾ ਵੀ ਸ਼ੁਰੂ ਕਰ ਦਿੱਤਾ ਸੀ ਪਰ ਤਾਲਿਬਾਨ ਨੇ ਅਮਰੀਕਾਂ ਵਲੋਂ ਤੈਅ ਕੀਤੀ ਤਰੀਕ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੇ ਦੋ ਦਿਨ ਵਿਚ ਹੀ ਦੇਸ਼ 'ਤੇ ਕਬਜ਼ਾ ਕਰ ਲਿਆ। ਸਾਰੀ ਦੁਨੀਆ ਹੈਰਾਨ ਹੋ ਗਈ। ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੋਈ ਕਿ ਅਫ਼ਗਾਨਿਸਤਾਨ ਦੀ ਤਿੰਨ ਲੱਖ ਅਤਿ ਆਧੁਨਿਕ ਹਥਿਆਰਾਂ ਨਾਲ ਪੂਰੀ ਤਰ੍ਹਾਂ ਤਿਆਰ ਫ਼ੌਜ ਨੇ ਬਿਨਾਂ ਲੜਾਈ ਤੋਂ ਹੀ ਹਾਰ ਮੰਨ ਲਈ। ਇਕ ਰਿਪੋਰਟ ਮੁਤਾਬਿਕ ਅਮਰੀਕਾ ਨੇ ਅਫ਼ਗਾਨੀ ਫੌਜ ਨੂੰ 75898 ਗੱਡੀਆਂ, 599690 ਹਥਿਆਰ, 208 ਹਵਾਈ ਜਹਾਜ਼, 16191 ਸੂਹੀਆ ਯੰਤਰ, ਸੱਤ ਹਜ਼ਾਰ ਮਸ਼ੀਨ ਗੰਨਾਂ, ਵੀਹ ਹਜ਼ਾਰ ਗਰਨੇਡ ਅਤੇ ਹੋਰ ਵੀ ਜੰਗੀ ਸਮੱਗਰੀ ਦਿੱਤੀ। ਇਸ ਦੇ ਬਾਵਜੂਦ ਵੀ ਅਫ਼ਗਾਨੀ ਫੌਜ ਨੇ ਕਿਉਂ ਕਾਇਰਤਾ ਵਿਖਾਈ। ਉਹ ਸਭ ਕੁਝ ਹੁੰਦੇ ਹੋਏ ਵੀ ਕਿਉਂ ਨਹੀਂ ਤਾਲਿਬਾਨਾਂ ਨਾਲ ਲੜੇ। ਇਹ ਵਿਸ਼ਲੇਸ਼ਣ ਦਾ ਮੁੱਦਾ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਆਪਣੇ ਦੂਜੇ ਮੰਤਰੀਆਂ ਅਤੇ ਪਰਿਵਾਰ ਸਮੇਤ ਜਨਤਾ ਨੂੰ ਉਸ ਦੇ ਹਾਲ 'ਤੇ ਛੱਡ ਕੇ ਦੌੜ ਗਿਆ। ਫੌਜ ਕਿਸ ਤਰ੍ਹਾਂ ਲੜੇ, ਲੋਕ ਕਿਸ ਤਰ੍ਹਾਂ ਹੌਸਲਾ ਰੱਖਣ ਜਦੋਂ ਕੋਈ ਵਾਲੀਵਾਰਸ ਹੀ ਨਹੀਂ ਰਿਹਾ।

ਭਾਵੇਂ ਤਾਲਿਬਾਨ ਲਈ ਤਾਂ ਇਹ ਜਿੱਤ ਸੀ ਪਰ ਦੇਸ਼ ਦੇ ਲੋਕਾਂ ਲਈ ਇਹ ਵੱਡੀ ਮੁਸੀਬਤ ਦੀ ਘੜੀ ਸੀ ਉਹ ਕਿੱਥੇ ਜਾਣ। ਹਰ ਇਕ ਨੂੰ ਜਾਨ ਬਚਾਉਣ ਦਾ ਫਿਕਰ ਪੈ ਗਿਆ ਕਿਉਂਕਿ ਤਾਲਿਬਾਨ ਦੇ 1996 ਤੋਂ 2001 ਦੇ ਵਹਿਸ਼ੀ ਸ਼ਾਸਨ ਦੇ ਕੌੜੇ ਤਜਰਬੇ ਉਨ੍ਹਾਂ ਨੂੰ ਹਾਲੇ ਭੁੱਲੇ ਨਹੀਂ ਹਨ।ਭਾਵੇਂ ਪਾਕਿਸਤਾਨ, ਰੂਸ, ਇਰਾਨ ਅਤੇ ਇੰਗਲੈਂਡ ਆਦਿ ਦੇਸ਼ ਤਾਲਿਬਾਨ ਨੂੰ ਮਾਨਤਾ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਮਹਿਜ ਸਿਆਸਤ ਅਤੇ ਚਲਾਕੀ ਨਹੀਂ ਖੇਡਣੀ ਚਾਹੀਦੀ ਹੈ। ਉਨ੍ਹਾਂ ਨੂੰ ਤਾਲਿਬਾਨ ਨੂੰ ਸੁਧਾਰਵਾਦੀ ਹੋਣ ਲਈ ਵੀ ਕਹਿਣਾ ਚਾਹੀਦਾ ਹੈ। ਲੋਕ ਤਾਲਿਬਾਨ ਦੀ ਕੱਟੜਤਾ ਤੋਂ ਬਹੁਤ ਦੁਖੀ ਹਨ। ਘੱਟ ਗਿਣਤੀਆਂ ਵਿਚ ਤਾਂ ਬੇਹੱਦ ਨਿਰਾਸ਼ਾ ਹੈ। ਪਹਿਲਾਂ ਵੀ 1992 ਤੋਂ 1996 ਤੱਕ ਦੇਸ਼ ਵਿਚ ਘਰੇਲੂ ਜੰਗ ਰਹੀ ਹੈ। ਮਰਨ ਮਾਰਨਾ ਆਮ ਸੀ। ਹੁਣ ਵੀ ਹਾਲਾਤ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਘਰੇਲੂ ਜੰਗ ਫਿਰ ਸ਼ੁਰੂ ਹੋ ਜਾਵੇਗੀ। ਫਿਰ ਬੰਬ ਅਤੇ ਗੋਲੀਆਂ ਚੱਲਣ ਲੱਗ ਪਈਆਂ ਹਨ। ਦੇਸ਼ ਵਿਚ ਅਫ਼ਰਾ-ਤਫਰੀ ਅਤੇ ਅਸੁਰੱਖਿਆ ਦਾ ਮਾਹੌਲ ਹੈ ਜਿਸ ਨੂੰ ਸਾਜ਼ਗਾਰ ਕਰਨ ਲਈ ਵੱਡੀ ਮੁਸ਼ੱਕਤ ਕਰਨੀ ਪਵੇਗੀ। ਜੇਕਰ ਹਾਲਾਤ ਨਾ ਸੁਧਰੇ ਤਾਂ ਦੇਸ਼ ਦਾ ਤੀਜਾ ਹਿੱਸਾ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਲੋਕ ਸਹਿਮੇ ਹੋਏ ਹਨ। ਉਨ੍ਹਾਂ ਦਾ ਭਰੋਸਾ ਜਿੱਤਣ ਦੀ ਜ਼ਰੂਰਤ ਹੈ। ਦੇਸ਼ ਵਿਚ ਪੈਸੇ ਧੇਲੇ ਦੀ ਵੱਡੀ ਕਿੱਲਤ ਆਵੇਗੀ। ਅੰਤਰ-ਰਾਸ਼ਟਰੀ ਮੁਦਰਾਕੋਸ਼ ਨੇ ਦੇਸ਼ ਨੂੰ ਦਿੱਤੀ ਜਾਣ ਵਾਲੀ 440 ਮਿਲੀਅਨ ਡਾਲਰ ਦੀ ਮਦਦ ਰੋਕ ਦਿੱਤੀ ਹੈ। ਅਮਰੀਕਾ ਵਲੋਂ ਕੀਤੀ ਜਾਣ ਵਾਲੀ ਮਦਦ ਅਤੇ ਨਿਵੇਸ਼ ਵੀ ਰੁਕ ਗਿਆ ਹੈ। ਇਸ ਨਾਲ ਦੇਸ਼ ਦਾ ਆਰਥਿਕ ਨੁਕਸਾਨ ਹੋਵੇਗਾ। ਹੁਣ ਸਭ ਕੁਝ ਤਾਲਿਬਾਨ ਦੇ ਵਿਵਹਾਰ 'ਤੇ ਨਿਰਭਰ ਕਰਦਾ ਹੈ। ਉਹ ਕਿਸ ਤਰ੍ਹਾਂ ਦੇਸ਼ ਨੂੰ ਚਲਾਉਣਗੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਗੱਲ ਸਪੱਸ਼ਟ ਹੈ ਕਿ ਕਿ ਤਾਲਿਬਾਨ ਲਈ ਰਾਜ ਸੱਤਾ ਫੁੱਲਾਂ ਦੀ ਸੇਜ ਨਹੀਂ ਹੈ। ਅਮਰੀਕਾਂ ਦੀ ਸੋਚ 'ਤੇ ਵੀ ਹੈਰਾਨੀ ਹੁੰਦੀ ਹੈ। ਅਫ਼ਗਾਨਿਸਤਾਨ ਦਾ ਸਿਸਟਮ ਬਣਾ ਕੇ ਅਤੇ ਉੱਥੇ ਕਾਰਗਰ ਹਾਲਾਤ ਪੈਦਾ ਕਰਕੇ ਉੱਥੋਂ ਜਾਣ ਬਾਰੇ ਸੋਚਣਾ ਚਾਹੀਦਾ ਸੀ। ਸਭ ਕੁਝ ਜਨਤਾ ਦੇ ਹਾਲ 'ਤੇ ਛੱਡ ਕੇ ਭੱਜਣ ਦੀ ਕੀਤੀ। ਅੱਜ ਜੋ ਵੀ ਅਫ਼ਗਾਨਿਸਤਾਨ ਵਿਚ ਹੋ ਰਿਹਾ ਹੈ ਉਸ ਲਈ ਅਮਰੀਕਾ ਵੀ ਜ਼ਿੰਮੇਵਾਰ ਹੈ। ਉਨ੍ਹਾਂ ਨੇ ਦੇਸ਼ ਵਿਚ ਚੰਗਾ ਮਾਹੌਲ ਨਹੀਂ ਬਣਾਇਆ ਹੈ। ਤਾਲਿਬਾਨਾਂ 'ਤੇ ਕੋਈ ਰੋਕ ਹੀ ਨਹੀਂ ਲਗਾਈ। ਲੋਕਾਂ ਦਾ ਡਰ ਜਾਂ ਦੇਸ਼ ਛੱਡ ਕੇ ਭੱਜਣਾ ਜਾਇਜ਼ ਹੈ। ਕਿਸ ਨੂੰ ਜੀਵਨ ਨਹੀਂ ਪਿਆਰਾ ਹੈ। ਕੌਣ ਸੁਰੱਖਿਆ ਨਹੀਂ ਚਾਹੁੰਦਾ ਹੈ। ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਤਾਲਿਬਾਨ ਕਹਿੰਦੇ ਹੀ ਹਨ ਪਰ ਉਨ੍ਹਾਂ ਵਿਚ ਕੋਈ ਸੁਧਾਰ ਨਹੀਂ ਆਉਣਾ। ਠੀਕ ਇਹ ਹੀ ਕਾਰਨ ਹੈ ਕਿ ਉਹ ਦੇਸ਼ ਛੱਡ ਰਹੇ ਹਨ। ਤਾਲਿਬਾਨ ਨੇ ਕੋਈ ਲੋਕਤੰਤਰਿਕ ਢੰਗ ਨਾਲ ਤਾਂ ਸੱਤਾ ਲਈ ਨਹੀਂ ਹੈ। ਉਨ੍ਹਾਂ ਨੇ ਤਾਂ ਦੇਸ਼ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਹੈ। ਲੋਕ ਕਿਉਂ ਨਾ ਡਰਨ। ਲੋਕ ਅਸੁਰੱਖਿਅਤ ਹੋਣ ਕਰਕੇ ਹੀ ਦੌੜ ਰਹੇ ਹਨ। ਕੌਣ ਵਸਦਾ ਰਸਦਾ ਅਜਨਬੀ ਬਣਦਾ ਹੈ। ਤਾਲਿਬਾਨਾਂ ਨੂੰ ਸੋਚ ਬਦਲਣੀ ਪਵੇਗੀ। ਉਨ੍ਹਾਂ ਨੂੰ ਲੋਕਾਂ ਦਾ ਵਿਸਵਾਸ਼ ਜਿੱਤਣਾ ਪਵੇਗਾ। ਅਜਿਹਾ ਚੰਗੇ ਕੰਮਾਂ ਨਾਲ ਹੀ ਹੋ ਸਕਦਾ ਹੈ। ਸਭ ਤੋਂ ਵੱਡੀ ਚੁਣੌਤੀ ਦੇਸ਼ ਵਿਚ ਅਮਨ ਸ਼ਾਂਤੀ ਪੈਦਾ ਕਰਨ ਦੀ ਹੈ ਜੋ ਹਥਿਆਰਾਂ ਨਾਲ ਜਾਂ ਜ਼ੁਲਮ ਕਰਨ ਨਾਲ ਨਹੀਂ ਹੋ ਸਕਦਾ ਹੈ।


Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll