International

ਕੈਪਟਨ ਨੇ ਚੀਨ ਦੇ ਹਮਲਿਆਂ ਖ਼ਿਲਾਫ਼ ਭਾਰਤ ਨੂੰ ਕਰਾਰਾ ਜਵਾਬ ਦੇਣ ਲਈ ਕਿਹਾ

    17 June 2020

ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਨਾਲ ਹਿੰਸਕ ਝੜਪ ਦੌਰਾਨ ਤਿੰਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੀਨ ਵਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਕੀਤੀ ਰਹੀ ਉਲੰਘਣਾ ਖਿਲਾਫ ਭਾਰਤ ਸਰਕਾਰ ਵਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ।ਇਸ ਘਟਨਾ ਤੋਂ ਗੁੱਸੇ 'ਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਸਾਡੇ ਸੈਨਿਕ ਕੋਈ ਖੇਡ ਨਹੀਂ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਹਰ ਥੋੜੇਂ ਦਿਨਾਂ ਬਾਅਦ ਮਾਰ ਜਾਂ ਜ਼ਖ਼ਮੀ ਕਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਪਾਸਿਆਂ ਤੋਂ ਫੌਜਾਂ ਕਈ ਦਿਨਾਂ ਦੇ ਤਣਾਅ ਦੀ ਸਥਿਤੀ ਤੋਂ ਵੱਖ ਹੋਣ ਦੀ ਪ੍ਰਕਿਰਿਆ 'ਚ ਸਨ।ਮੁੱਖ ਮੰਤਰੀ ਨੇ ਕਿਹਾ, 'ਹੁਣ ਵੇਲਾ ਆ ਗਿਆ ਹੈ ਕਿ ਭਾਰਤ ਗੁਆਂਢੀ ਮੁਲਕ ਵਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਵੇ ਜੋ ਸਾਡੇ ਖੇਤਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਖੇਤਰੀ ਪ੍ਰਭੂਸੱਤਾ ਉਤੇ ਹੁੰਦੇ ਹਮਲਿਆਂ ਨੂੰ ਰੋਕੇ।ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਦੇ ਸੰਕੇਤ ਨਾਲ ਚੀਨ ਦੀ ਪ੍ਰਕਿਰਿਆ ਹੋਰ ਹਿੰਸਕ ਹੋ ਜਾਂਦੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਸਰਹੱਦ 'ਤੇ ਤਣਾਅ ਘਟਾਉਣਾ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਭਾਰਤ ਜੰਗ ਦੇ ਹੱਕ 'ਚ ਨਹੀਂ ਹੈ ਪਰ ਫਿਰ ਵੀ ਸਾਡਾ ਦੇਸ਼ ਇਸ ਮੌਕੇ ਕਮਜ਼ੋਰੀ ਨਹੀਂ ਦਿਖਾ ਸਕਦਾ ਅਤੇ ਚੀਨ ਨੂੰ ਕਿਸੇ ਹੋਰ ਘੁਸਪੈਠ ਤੋਂ ਰੋਕਣ ਅਤੇ ਆਪਣੀਆਂ ਸੀਮਾਵਾਂ ਤੇ ਆਦਮੀਆਂ ਉਤੇ ਹਮਲੇ ਨੂੰ ਠੱਲ੍ਹ ਪਾਉਣ ਲਈ ਸਖਤ ਰੁਖ ਅਪਣਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਦੇ ਕਮਾਂਡਿੰਗ ਅਫਸਰ ਅਤੇ ਦੋ ਸੈਨਿਕਾਂ ਨੂੰ ਬੁਰੀ ਤਰਜ਼ ਨਾਲ ਕੁੱਟ ਕੇ ਮਾਰਨ ਤੋਂ ਬਾਅਦ ਵੀ ਚੀਨ ਬੇਕਸੂਰ ਹੋਣ ਦਾ ਬਹਾਨਾ ਬਣਾ ਰਿਹਾ ਹੈ ਅਤੇ ਭਾਰਤ ਵਲੋਂ ਇਕਤਰਫਾ ਕਾਰਵਾਈ ਕਾਰਨ ਅਜਿਹੇ ਹਾਲਾਤ ਪੈਦਾ ਹੋਣ ਦਾ ਦੋਸ਼ ਲਾ ਕੇ ਸਾਰਾ ਕਸੂਰ ਭਾਰਤ ਸਿਰ ਮੜਨ ਦਾ ਯਤਨ ਕਰ ਰਿਹਾ ਹੈ। ਇਹ ਆਖਦਿਆਂ ਕਿ ਅਜਿਹੀ ਪ੍ਰਤੀਕਿਰਿਆ ਚੀਨ ਦੀ ਧੋਖੇਬਾਜ਼ੀ ਦਾ ਹਿੱਸਾ ਹੈ, ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ-ਚੀਨ ਸਰਹੱਦ ਦੇ ਲੱਦਾਖ ਸੈਕਟਰ ਅੰਦਰ ਤਣਾਅ ਦਾ ਵਧਣਾ ਚੀਨੀ ਫੌਜ ਵਲੋਂ ਭਾਰਤੀ ਖੇਤਰ ਅੰਦਰ ਕੀਤੇ ਜਾ ਰਹੇ ਵਾਰ-ਵਾਰ ਹਮਲਿਆਂ ਦਾ ਨਤੀਜਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੀਆ ਗਤੀਵਿਧੀਆਂ ਦੋਵਾਂ ਮੁਲਕਾਂ ਦਰਮਿਆਨ ਹੋਈਆਂ ਸੰਧੀਆਂ ਦੀ ਸਿੱਧੀ ਉਲੰਘਣਾ ਹੈ ਅਤੇ ਭਾਰਤ ਦੀ ਅਖੰਡਤਾ 'ਤੇ ਢੀਠਤਾ ਭਰਿਆ ਹਮਲਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹਮਲਿਆਂ ਨੂੰ ਹਲਕੇ 'ਚ ਨਾ ਲੈਣ ਸਬੰਧੀ ਸਖਤ ਸੁਨੇਹਾ ਦੇਣ ਵਾਸਤੇ ਢੁੱਕਵੇਂ ਕਦਮ ਚੁੱਕੇ।

Related Posts

0 Comments

    Be the one to post the comment

Leave a Comment