International

ਖੇਤੀ ਕਾਨੂੰਨਾਂ ’ਤੇ ਭਖਿਆ ਵਿਵਾਦ, ਮੰਤਰੀ ਸੁੱਖੀ ਰੰਧਾਵਾ ਨੇ ਕਬੂਲੀ ਹਰਸਿਮਰਤ ਬਾਦਲ ਦੀ ਚੁਣੌਤੀ

    04 January 2021

ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਵਲੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਗੁੰਮਰਾਹਕੁਨ ਬਿਆਨ ’ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਨੂੰਹ ਕਾਲੇ ਖੇਤੀ ਕਾਨੂੰਨ ਲਿਆਉਣ ਵਿਚ ਆਪਣੀ ਹਿੱਸੇਦਾਰੀ ਤੋਂ ਜਿੰਨਾ ਮਰਜ਼ੀ ਟਾਲਾ ਵੱਟ ਲੈਣ ਪਰ ਉਹ ਕਿਸਾਨੀ ਦਾ ਗਲਾ ਘੋਟਣ ਲਈ ਆਪਣੀ ਸ਼ਮੂਲੀਅਤ ਤੋਂ ਭੱਜ ਨਹੀਂ ਸਕਣਗੇ।ਹਰਸਿਮਰਤ ਬਾਦਲ ਵਲੋਂ ਖੇਤੀ ਆਰਡੀਨੈਂਸਾਂ ’ਤੇ ਆਪਣੇ ਦਸਤਖ਼ਤ ਸਿੱਧ ਕਰਨ ਦੀ ਚੁਣੌਤੀ ਨੂੰ ਖੁੱਲ੍ਹੇਆਮ ਕਬੂਲਦਿਆਂ ਰੰਧਾਵਾ ਨੇ ਕਿਹਾ ਕਿ ਜਦੋਂ ਕੈਬਨਿਟ ਮੀਟਿੰਗ ਵਿਚ ਸਮੁੱਚਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਸ ਵਿਚ ਸ਼ਾਮਲ ਸਮੂਹ ਮੰਤਰੀਆਂ ਦੀ ਸਹਿਮਤੀ ਦਸਤਖ਼ਤਾਂ ਤੋਂ ਵੱਡਾ ਸਬੂਤ ਹੁੰਦੀ ਹੈ। ਉਨ੍ਹਾਂ ਚੁਟਕੀ ਲੈਂਦਿਆਂ ਹਰਸਿਮਰਤ ਬਾਦਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਆਪਣੇ 6 ਸਾਲ ਦੇ ਕੇਂਦਰੀ ਮੰਤਰੀ ਦੇ ਕਾਰਜਕਾਲ ਦੌਰਾਨ ਕੇਂਦਰੀ ਕੈਬਨਿਟ ਵਲੋਂ ਕੀਤੇ ਫੈਸਲਿਆਂ ’ਤੇ ਕਿਸ ਆਧਾਰ ’ਤੇ ਵਾਹ-ਵਾਹ ਖੱਟਦੀ ਰਹੀ। ਉਨ੍ਹਾਂ ਨਾਲ ਹੀ ਸਲਾਹ ਦਿੱਤੀ ਕਿ ਇਹ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਸਹੁਰਾ ਸਾਹਿਬ ਤੋਂ ਪੁੱਛ ਲੈਣਾ ਚਾਹੀਦਾ ਸੀ ਕਿ ਕੈਬਨਿਟ ਵਲੋਂ ਲਏ ਫ਼ੈਸਲਿਆਂ ਵਿਚ ਮੰਤਰੀਆਂ ਦੀ ਸਹਿਮਤੀ ਹੁੰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਚੰਗੀ ਤਰ੍ਹਾਂ ਸਮਝਾ ਸਕਦੇ ਹਨ।ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਨੂੰ ਸਵਾਲ ਕਰਦਿਆਂ ਕਿਹਾ ਕਿ ਕਾਲੇ ਖੇਤੀ ਆਰਡੀਨੈਂਸ ਲਿਆਉਣ ਤੋਂ ਬਾਅਦ ਇਸ ਦੀ ਤਰਫਦਾਰੀ ਲਈ ਬਾਦਲ ਪਰਿਵਾਰ ਵਲੋਂ ਬੰਨ੍ਹੀਆਂ ਸਿਫਤਾਂ ਦੇ ਪੁੱਲਾਂ ਬਾਰੇ ਵੀ ਉਹ ਆਪਣਾ ਸਪੱਸ਼ਟੀਕਰਨ ਦੇਣ। ਜੂਨ 2020 ਵਿਚ ਆਰਡੀਨੈਂਸ ਪਾਸ ਕਰਨ ਤੋਂ ਬਾਅਦ ਹਰਸਿਮਰਤ ਬਾਦਲ ਵਲੋਂ ਜਿੱਥੇ ਇਸ ਦੇ ਹੱਕ ਵਿਚ ਇੰਟਰਵਿਊਜ਼ ਦਿੱਤੀਆਂ ਗਈਆਂ, ਉਥੇ ਵੱਡੇ ਬਾਦਲ ਕੋਲੋਂ ਵੀ ਹੱਕ ਵਿਚ ਬਿਆਨ ਦਿਵਾਇਆ ਗਿਆ। ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਕਾਲੇ ਖੇਤੀ ਕਾਨੂੰਨਾਂ ਲਿਆਉਣ ਵਿਚ ਆਪਣੀ ਹਿੱਸੇਦਾਰੀ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਹਰਸਿਮਰਤ ਦਾ ਕੂੜ ਪ੍ਰਚਾਰ ਅਕਾਲੀ ਦਲ ਵਲੋਂ ਕਿਸਾਨਾਂ ਨਾਲ ਕਮਾਏ ਧ੍ਰੋਹ ਤੋਂ ਨਹੀਂ ਬਚਾ ਸਕਦਾ।Related Posts

0 Comments

    Be the one to post the comment

Leave a Comment