ਵਿਧਾਨ ਸਭਾ ਹਲਕਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਅੱਜ ਮੁੜ ਪਾਰਟੀ 'ਚ ਵਾਪਸ ਆਉਣ ਦਾ ਐਲਾਨ ਕੀਤਾ ਹੈ। ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਹੁਣ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਉਹ ਦੁਬਾਰਾ ਆਮ ਆਦਮੀ ਪਾਰਟੀ ਵਿਚ ਵਾਪਸ ਆ ਰਹੇ ਹਨ। ਵਿਧਾਇਕ ਸੰਦੋਆ ਨੇ ਐਲਾਨ ਕੀਤਾ ਕਿ ਮੈਨੂੰ ਨਾ ਤਾਂ ਟਿਕਟ ਚਾਹੀਦੀ ਹੈ ਅਤੇ ਨਾ ਹੀ ਕੋਈ ਅਹੁਦਾ, ਮੈਂ ਪਾਰਟੀ ਵਿਚ ਇਕ ਆਮ ਵਾਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਾਂਗਾ।ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ, ਹਰਿਆਣਾ ਦੀ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਕਿਸਾਨਾਂ ਨੂੰ ਦਰੜਨ ਵਿਚ ਲੱਗੀ ਹੋਈ ਹੈ, ਉੱਥੇ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਨਾਲ ਖੜ੍ਹਦੇ ਹੋਏ ਕਿਸਾਨ ਪੱਖੀ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਤੋਂ ਉਹ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਤੋੜ ਨਹੀਂ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਵਾਪਸ ਪਾਰਟੀ ਵਿਚ ਆਇਆ ਹਾਂ।
ਇੱਥੇ ਦੱਸ ਦੇਈਏ ਕਿ ਵਿਧਾਇਕ ਸੰਦੋਆ ਬੀਤੇ ਦਿਨਾਂ ਵਿਚ ਕਿਸਾਨ ਅੰਦੋਲਨ 'ਚ ਦਿੱਲੀ ਗਏ ਸਨ ਅਤੇ ਇੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਹੁਣ ਫਿਰ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ।
0 Comments
Be the one to post the comment
Leave a Comment