ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸਰਦੀ ਕਰਕੇ ਬਿਮਾਰ ਹੋਏ 22 ਸਾਲਾਂ ਦੇ ਨੌਜਵਾਨ ਪਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਔਲਖ ਵਿਖੇ ਕੀਤਾ ਗਿਆ ਜਿਥੇ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਤੇ ਕਿਸਾਨਾਂ ਨੇ ਪੁੱਜ ਕਿ ਸ਼ਹੀਦ ਪਰਵਿੰਦਰ ਸਿੰਘ ਨੂੰ ਸਰਧਾਂਜਲੀਆਂ ਦਿੱਤੀਆਂ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਿਚ ਸਰਗਰਮ ਨੌਜਵਾਨ ਪਰਵਿੰਦਰ ਸਿੰਘ ਦੀ ਟਿਕਰੀ ਬਾਰਡਰ ਤੇ ਬਿਮਾਰ ਰਹਿਣ ਪਿੱਛੋਂ ਬਠਿੰਡਾਂ ਤੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਦਾ ਪੋਸਟ ਮਾਰਟਮ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਕਰਾਉਣ ਪਿੱਛੋਂ ਦੇਰ ਸ਼ਾਮ ਉਸਦੀ ਲਾਸ਼ ਪਿੰਡ ਔਲਖ ਵਿਖੇ ਪੁੱਜੀ ਜਿਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਪਰਵਿੰਦਰ ਸਿੰਘ ਦੀ ਚਿਤਾ ਨੂੰ ਅੱਗ ਉਸਦੇ ਵੱਡੇ ਭਰਾ ਮਨਜਿੰਦਰ ਸਿੰਘ ਨੇ ਲਾਈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮ੍ਰਿਤਕ ਦੇਹ ਤੇ ਯੂਨੀਅਨ ਦਾ ਝੰਡਾ ਪਾਇਆ। ਪਰਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਲੱਖਾ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆਪਣੇ ਸਿਰ ਸਿਹਰੇ ਬਨਾਉਣ ਦੀਆਂ ਰੁੱਤਾਂ ਵਿਚ ਨੌਜਵਾਨ ਸ਼ਹੀਦੀਆਂ ਪਾ ਰਹੇ ਹਨ ਪਰ ਪਿੰਡ ਵਾਸੀਆਂ ਅਤੇ ਯੂਨੀਅਨ ਵੱਲੋਂ ਹਮੇਸ਼ਾਂ ਪਰਿਵਾਰ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਹਾਜਰ ਡਾ.ਬਲਕਾਰ ਸਿੰਘ ਔਲਖ, ਡਾ. ਭਗਤ, ਬਖਤੌਰ ਸਿੰਘ ਸਾਬਕਾ ਸਰਪੰਚ , ਜਸਵੰਤ ਸਿੰਘ ਸਰਪੰਚ, ਪਰਮਜੀਤ ਪੰਮਾ ਸਾਬਕਾ ਮੈਂਬਰ, ਪ੍ਰਧਾਨ ਪਾਲ ਸਿੰਘ ਝੌਰੜ , ਸੁਖਪਾਲ ਮੈਂਬਰ ,ਬਲਕਾਰ ਸਿੰਘ ਬੱਲਾ , ਰਜਿੰਦਰ ਰਾਜਾ ਮੈਂਬਰ ਸਮੇਤ ਵੱਡੀ ਗਿਣਤੀਵਿਚ ਹਾਜਰ ਪਿੰਡ ਅਤੇ ਇਲਾਕਾ ਵਾਸੀਆਂ ਨੇ ਸ਼ਹੀਦ ਪਰਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਾਏ।
0 Comments
Be the one to post the comment
Leave a Comment