International

ਕੈਪਟਨ ਸਰਕਾਰ ਨੇ ਪੰਜਾਬ 'ਚ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ : ਸਿਮਰਜੀਤ ਬੈਂਸ

    17 July 2020

 ਪੰਜਾਬ 'ਚ ਰੇਤ ਮਾਫੀਆ ਨੂੰ ਰੋਕਣ 'ਚ ਪੰਜਾਬ ਦੀ ਕੈਪਟਨ ਸਰਕਾਰ ਬਿਲਕੁਲ ਅਸਫਲ ਰਹੀ ਹੈ, ਜਿਸ ਦਾ ਨਤੀਜਾ ਨਿਕਲਿਆ ਕਿ ਅੱਜ ਲੋਕਾਂ ਨੂੰ ਆਪਣੀਆਂ ਆਮ ਜ਼ਰੂਰਤਾਂ ਲਈ ਵੀ ਰੇਤ ਉਪਲੱਬਧ ਨਹੀਂ ਹੋ ਰਹੀ। ਇਹ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰੇਤ ਦੀਆਂ ਖੱਡਾਂ 'ਤੇ ਵਸੂਲਿਆ ਜਾਂਦਾ ਗੁੰਡਾ ਟੈਕਸ ਤੁਰੰਤ ਬੰਦ ਹੋਣਾ ਚਾਹੀਦਾ ਹੈ ਤੇ ਲੋਕਾਂ ਦੀ ਹੁੰਦੀ ਲੁੱਟ ਨੂੰ ਲੋਕ ਇਨਸਾਫ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਅਜਿਹੇ ਟੈਕਸ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਲਏ ਜਾਂਦੇ ਹੋਣ, ਜਿਸ ਤੋਂ ਇਹ ਸਾਬਤ ਹੁੰਦੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਅਕਾਲੀ ਦਲ ਦੀਆਂ ਨੀਤੀਆਂ 'ਤੇ ਚੱਲ ਪਈ ਹੈ, ਜਿਸ ਦਾ ਲੋਕ ਆਉਣ ਵਾਲੀਆਂ ਅਸੈਂਬਲੀ ਚੋਣਾਂ 'ਚ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸਾਢੇ ਤਿੰਨ ਸਾਲ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸਾਨਾਂ ਦਾ ਕਰਜ਼ਾ ਮਾਫ ਨਹੀ ਹੋਇਆ, ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਸਮਾਰਟ ਫੋਨ ਵੀ ਨਹੀਂ ਮਿਲੇ ਆਦਿ। ਕੈਪਟਨ ਸਰਕਾਰ ਨੇ ਕਈ ਵਾਰ ਬਿਜਲੀ ਦੇ ਰੇਟਾਂ 'ਚ ਵਾਧਾ ਕੀਤਾ ਹੈ ਅਤੇ ਹੁਣ ਇੰਤਕਾਲ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ। ਕੋਰੋਨਾ ਮਹਾਮਾਰੀ ਕਰ ਕੇ ਲੋਕਾਂ ਦੇ ਕੰਮ ਪਹਿਲਾਂ ਹੀ ਬੰਦ ਪਏ ਹਨ ਅਤੇ ਕੈਪਟਨ ਸਰਕਾਰ ਨੇ ਲੋਕਾਂ ਦੇ ਕਾਰੋਬਾਰ ਬੰਦ ਹੋਣ ਦੇ ਬਾਵਜੂਦ ਵੀ ਬਿਜਲੀ ਦੇ ਵੱਡੇ-ਵੱਡੇ ਪੁਰਾਣੀ ਰੀਡਿੰਗ ਅਨੁਸਾਰ ਭੇਜ ਦਿੱਤੇ ਹਨ। ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੀ ਲੋਕਾਂ ਤੱਕ ਪੂਰਾ ਨਹੀਂ ਪਹੁੰਚਿਆ, ਨੀਲੇ ਰਾਸ਼ਨ ਕਾਰਡ ਕੱਟ ਕੇ ਗਰੀਬਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ 'ਚ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਹਨ, ਜੇਕਰ ਕੋਈ ਪੱਤਰਕਾਰ ਅਫਸਰ ਜਾਂ ਕਾਂਗਰਸੀ ਨੂੰ ਪੱਖ ਪੁੱਛ ਲਵੇ ਤਾਂ ਵੀ ਉਸ ਖਿਲਾਫ ਇਹ ਕਹਿ ਕੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਕਿ ਪੱਤਰਕਾਰ ਨੇ ਸਰਕਾਰੀ ਕੰਮ 'ਚ ਵਿਘਨ ਪਾਇਆ ਹੈ। ਇਸ ਦਾ ਜਵਾਬ ਪੰਜਾਬ ਦੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਦੇਣਗੇ। ਇਸ ਮੌਕੇ ਧਰਮਜੀਤ ਜਲਵੇੜਾ ਅਤੇ ਹੋਰ ਵੀ ਹਾਜ਼ਰ ਸਨ।

Related Posts

0 Comments

    Be the one to post the comment

Leave a Comment