International

ਕੈਪਟਨ ਦੇ 'ਸਮਾਰਟਫੋਨ' ਉਡੀਕਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਕੋਲ ਪੁੱਜੀ ਪਹਿਲੀ ਖੇਪ

    06 August 2020

12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਨਵੰਬਰ ਮਹੀਨੇ ਤੱਕ 1,73,823 ਸਮਾਰਟਫੋਨ ਵੰਡੇ ਜਾਣਗੇ। ਪੰਜਾਬ ਮੰਤਰੀ ਮੰਡਲ ਨੇ ਇਸ ’ਤੇ ਮੋਹਰ ਲਗਾ ਦਿੱਤੀ ਹੈ। ਬੁੱਧਵਾਰ ਨੂੰ ਮੰਤਰੀ ਮੰਡਲ ਦੀ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਸਰਕਾਰੀ ਬੁਲਾਰੇ ਅਨੁਸਾਰ ਅਜਿਹੇ 50 ਹਜ਼ਾਰ ਫੋਨਾਂ ਦੀ ਪਹਿਲੀ ਖੇਪ ਸੂਬਾ ਸਰਕਾਰ ਨੂੰ ਹਾਸਲ ਹੋ ਚੁੱਕੀ ਹੈ ਅਤੇ ਇਨ੍ਹਾਂ ਦੀ ਵੰਡ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ।ਇਹ ਫੋਨ ਕਈ ਸਮਾਰਟ ਫੀਚਰਾਂ ਨਾਲ ਲੈਸ ਹੈ। ਇਸ 'ਚ ਪਹਿਲਾਂ ਤੋਂ ਲੋਡ ਕੀਤੀਆਂ ਸਰਕਾਰੀ ਐਪਲੀਕੇਸ਼ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਰਾਹੀਂ 11ਵੀਂ ਤੇ 12ਵੀਂ ਜਮਾਤ ਦਾ ਈ-ਪਾਠਕ੍ਰਮ ਉਪਲੱਬਧ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹਾਲਾਂਕਿ ਪਹਿਲਾਂ ਉਨ੍ਹਾਂ ਸਿਰਫ਼ ਕੁੜੀਆਂ ਨੂੰ ਹੀ ਸਮਾਰਟਫੋਨ ਦੇਣ ਦੀ ਗੱਲ ਕਹੀ ਸੀ ਪਰ ਹੁਣ 12ਵੀਂ 'ਚ ਪੜ੍ਹਦੇ ਉਨ੍ਹਾਂ ਸਾਰੇ ਕੁੜੀਆਂ-ਮੁੰਡਿਆਂ ਨੂੰ ਸਮਾਰਟਫੋਨ ਦਿੱਤੇ ਜਾਣਗੇ, ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ। ਇਸ ਤਰ੍ਹਾਂ ਸਰਕਾਰ ਆਪਣੇ ਘੋਸ਼ਣਾ ਪੱਤਰ ਦਾ ਵਾਅਦਾ ਪੂਰਾ ਕਰੇਗੀ।

ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਨੂੰ ਇਕ ਸਾਲ ਲਈ ਵਧਾਉਂਦਿਆਂ ਪੰਜਾਬ ਵਜ਼ਾਰਤ ਵੱਲੋਂ ਬੁੱਧਵਾਰ ਨੂੰ ਸੂਬਾ ਸਰਕਾਰ ਦੇ ਕਰਮਚਾਰੀਆਂ/ਪੈਨਸ਼ਨਰਾਂ ਅਤੇ ਨਿੱਜੀ ਖੇਤਰ/ਬੋਰਡ ਤੇ ਕਾਰਪੋਰੇਸ਼ਨਾਂ ਸਣੇ ਗੈਰ-ਸਰਕਾਰੀ ਸੰਗਠਿਤ ਖੇਤਰਾਂ ਦੇ ਮੁਲਾਜ਼ਮਾਂ ਨੂੰ ਵੀ ਸਿਹਤ ਬੀਮਾ ਯੋਜਨਾ ਦੇ ਦਾਇਰੇ 'ਚ ਲਿਆਉਣ ਦਾ ਫ਼ੈਸਲਾ ਕੀਤਾ ਗਿਆ। ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਨੂੰ ਕਿਹਾ ਗਿਆ ਹੈ ਕਿ ਇਸ ਸਕੀਮ ਦੇ ਘੇਰੇ 'ਚ ਨਵੇਂ ਵਰਗਾਂ ਨੂੰ ਸ਼ਾਮਲ ਕਰਨ ਲਈ ਵਿਸਥਾਰਤ ਤਜਵੀਜ਼ ਤਿਆਰ ਕੀਤੀ ਜਾਵੇ, ਜਿਸ ਨਾਲ 42.27 ਲੱਖ ਗਰੀਬ ਤੇ ਹੋਰ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਵੇਗਾ। ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ ਸਕੀਮ ਹੁਣ 20 ਅਗਸਤ 2020 ਤੋਂ 19 ਅਗਸਤ 2021 ਤੱਕ ਵਧਾ ਦਿੱਤੀ ਗਈ ਹੈ।

Related Posts

0 Comments

    Be the one to post the comment

Leave a Comment