International

8 ਨੇਤਾਵਾਂ ਨੇ ਅਹਿਮ ਅਹੁਦੇ ਪ੍ਰਾਪਤ ਕਰ ਕੇ ਆਪਣੇ ਹੀ ਮੁੱਖ ਮੰਤਰੀਆਂ ਨੂੰ ਲਲਕਾਰਿਆ

    07 August 2020

ਰਿਆਸਤੀ ਨਗਰੀ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਪੰਜਾਬੀਆਂ ਤੇ ਰਿਆਸਤ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅੰਗਰੇਜ਼ਾਂ ਖਿਲਾਫ ਬਗਾਵਤ ਕੀਤੀ ਸੀ, ਜਿਸ ਕਰ ਕੇ ਉਨ੍ਹਾਂ ਨੂੰ ਮਹਾਨ ਦੇਸ਼ਭਗਤ ਕਿਹਾ ਜਾਂਦਾ ਹੈ। ਨਾਭਾ ਇਤਿਹਾਸਕ ਧਰਤੀ ਹੈ। ਇੱਥੋਂ ਦੇ ਜੰਮਪਲ ਤੇ ਇੱਥੇ ਬਚਪਣ ਬਤੀਤ ਕਰਨ ਵਾਲੇ ਅਨੇਕ ਸਿਆਸਤਦਾਨਾਂ ਨੇ ਸਿਆਸੀ ਜੀਵਨ ਦੌਰਾਨ ਆਪਣੇ ਹੀ ਆਗੂਆਂ ਤੇ ਪਾਰਟੀ ਖਿਲਾਫ ਸਮੇਂ-ਸਮੇਂ ਸਿਰ ਬਗਾਵਤ ਕੀਤੀ, ਜਿਸ ਕਾਰਨ ਉਨ੍ਹਾਂ ਪ੍ਰਸਿੱਧੀ ਪ੍ਰਾਪਤ ਕੀਤੀ।ਇਸ ਹਲਕੇ ਤੋਂ 11 ਵਾਰ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਾ ਨਰਿੰਦਰ ਸਿੰਘ ਨੇ ਕਾਂਗਰਸ ਪਾਰਟੀ 'ਚ ਰਹਿ ਕੇ ਕੰਮ ਕੀਤਾ ਅਤੇ ਆਜ਼ਾਦ ਵਿਧਾਇਕ ਬਣੇ।ਫਿਰ ਕੁਲੀਸ਼ਨ ਸਰਕਾਰ 'ਚ ਬਗਾਵਤ ਕਰਵਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਸੀ। ਲੰਬਾ ਸਮਾਂ ਅਕਾਲੀ ਦਲ 'ਚ ਰਹੇ।ਇਸ ਬਲਾਕ ਦੇ ਜੰਮਪਲ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 22 ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬਗਾਵਤ ਕੀਤੀ ਸੀ, ਜਿਸ ਕਾਰਨ ਅਕਾਲੀ ਦਲ ਦੀ ਅਗਲੀ ਚੋਣਾਂ 'ਚ ਕਰਾਰੀ ਹਾਰ ਹੋਈ ਸੀ।ਇੰਝ ਹੀ ਇਥੋਂ 7 ਵਾਰੀ ਵਿਧਾਨ ਸਭਾ ਚੋਣ ਲੜਨ ਵਾਲੇ ਗੁਰਦਰਸ਼ਨ ਸਿੰਘ (ਸਾਬਕਾ ਲੋਕ ਨਿਰਮਾਣ, ਖੁਰਾਕ ਸਪਲਾਈ ਤੇ ਮਾਲ ਮੰਤਰੀ) ਨੇ ਆਪਣੇ ਹੀ ਮੁੱਖ ਮੰਤਰੀ ਦਰਬਾਰਾ ਸਿੰਘ ਖ਼ਿਲਾਫ ਬਗਾਵਤ 1983 'ਚ ਕੀਤੀ ਤਾਂ ਜਲਦੀ ਹੀ ਸਰਕਾਰ ਦਾ ਭੋਗ ਪੈ ਗਿਆ ਸੀ।ਇਥੇ ਗਿੱਲਾਂ ਸਟਰੀਟ 'ਚ ਅਨੇਕ ਵਰ੍ਹੇ ਰਹਿ ਕੇ ਸਟੇਟ ਸਕੂਲ 'ਚੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਸੁਰਜੀਤ ਸਿੰਘ ਬਰਨਾਲਾ ਸੂਬੇ ਦੇ ਮੁੱਖ ਮੰਤਰੀ ਬਣੇ, ਜਿਨ੍ਹਾਂ ਅਕਾਲੀ ਦਲ 'ਚੋਂ ਬਗਾਵਤ ਕਰ ਕੇ ਬਾਦਲ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਸੀ।

ਅਕਾਲੀ ਸਰਕਾਰ 'ਚ ਮੰਤਰੀ ਰਹੇ ਗੁਰਮੀਤ ਸਿੰਘ ਬਰਾੜ ਦਾ ਨਾਭਾ ਨਾਲ ਨਿਕਟ ਸਬੰਧ ਰਿਹਾ। ਉਨ੍ਹਾਂ ਦਾ ਬੇਟਾ ਜਗਮੀਤ ਬਰਾੜ ਇੱਥੇ 8 ਸਾਲ ਸਕੂਲ ਹੋਸਟਲ 'ਚ ਰਿਹਾ। ਜਗਮੀਤ ਬਰਾੜ ਨੇ ਕਾਂਗਰਸ 'ਚ ਰਹਿ ਕੇ ਪਹਿਲਾਂ ਬਾਦਲ ਤੇ ਫਿਰ ਕੈ. ਅਮਰਿੰਦਰ ਸਿੰਘ ਨੂੰ ਲਲਕਾਰਿਆ। ਇੰਝ ਹੀ ਅਕਾਲੀ ਦਲ ਸਿਆਸਤ 'ਚ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਵਾਲੇ ਸਾਬਕਾ ਜੇਲ ਮੰਤਰੀ ਸਤਨਾਮ ਸਿੰਘ ਬਾਜਵਾ ਦਾ ਇਸ ਨਗਰੀ ਨਾਲ ਸਬੰਧ ਰਿਹਾ। ਉਨ੍ਹਾਂ ਦਾ ਬੇਟਾ ਪ੍ਰਤਾਪ ਸਿੰਘ ਬਾਜਵਾ ਇਥੇ 8 ਸਾਲ ਹੋਸਟਲ 'ਚ ਰਿਹਾ ਅਤੇ ਵਿੱਦਿਆ ਪ੍ਰਾਪਤ ਕੀਤੀ। ਬਾਜਵਾ ਕੈਬਨਿਟ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਹੇ। ਹੁਣ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਕੈ. ਅਮਰਿੰਦਰ ਸਿੰਘ ਨੂੰ ਲਲਕਾਰਿਆ ਹੈ।

ਨਾਭਾ ਲਾਗਲੇ ਪਿੰਡ ਥੂਹੀ ਦੇ ਜੰਮਪਲ ਹਰਮੇਲ ਸਿੰਘ ਟੌਹੜਾ ਲੋਕ ਨਿਰਮਾਣ ਮੰਤਰੀ ਰਹੇ ਅਤੇ ਬਾਦਲਾਂ ਖਿਲਾਫ ਬਗਾਵਤ ਕਰ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ ਪਰ ਹੁਣ ਘਰ ਵਾਪਸੀ ਕਰ ਲਈ। ਨਵਜੋਤ ਸਿੱਧੂ ਦਾ ਜਨਮ ਇੱਥੇ ਹੋਇਆ। ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਸਿੱਧੂ ਜ਼ਿਲਾ ਕਾਂਗਰਸ ਪ੍ਰਧਾਨ ਅਤੇ ਐਡਵੋਕੇਟ ਜਨਰਲ ਪੰਜਾਬ ਰਹੇ। ਨਵਜੋਤ 3 ਵਾਰ ਭਾਜਪਾ ਐੱਮ. ਪੀ. ਰਹੇ ਅਤੇ ਭਾਜਪਾ ਛੱਡ ਕੇ ਕਾਂਗਰਸ 'ਚ ਆਏ। ਹੁਣ ਆਪਣੇ ਹੀ ਮੁੱਖ ਮੰਤਰੀ ਕੈਪਟਨ ਨੂੰ ਲਲਕਾਰ ਰਹੇ ਹਨ ਅਤੇ ਪਾਰਟੀ ਤੋਂ ਬਾਗੀ ਹੋ ਚੁੱਕੇ ਹਨ, ਜਿਸ ਕਾਰਨ ਟਕਸਾਲੀ ਵਰਕਰ ਖਫਾ ਹਨ।ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਾਗੀ ਆਗੂ ਗੁਪਤ ਸਮਝੌਤੇ ਕਰ ਕੇ ਅਹਿਮ ਅਹੁਦੇ ਪ੍ਰਾਪਤ ਕਰ ਲੈਂਦੇ ਹਨ। ਜਦਕਿ ਟਕਸਾਲੀ ਆਗੂ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਜ਼ਿੰਦਗੀ ਬਤੀਤ ਕਰ ਜਾਂਦੇ ਹਨ। ਨਾਭਾ ਦੇ ਜੰਮਪਲ ਤੇ ਇਥੇ ਵਿੱਦਿਆ ਪ੍ਰਾਪਤ ਕਰਨ ਵਾਲੇ ਸਿਆਸਤਦਾਨਾਂ ਨੇ ਆਪਣੇ ਹੀ ਆਗੂਆਂ ਖਿਲਾਫ ਬਗਾਵਤ ਕਰ ਕੇ ਇਕ ਨਵਾਂ ਇਤਿਹਾਸ ਰਚਿਆ ਹੈ।


Related Posts

0 Comments

    Be the one to post the comment

Leave a Comment