International

ਪਾਕਿ 'ਚ ਦੂਜੀ ਵਾਰ ਮਨਾਇਆ ਗਿਆ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ

    31 July 2020

 ਪਾਕਿਸਤਾਨ ਵਿਚ ਵੀਰਵਾਰ ਨੂੰ ਦੂਜੀ ਵਾਰ ਅਮਰ ਸ਼ਹੀਦ ਉਧਮ ਸਿੰਘ ਦਾ 80ਵਾਂ ਸ਼ਹੀਦੀ ਦਿਨ ਮਨਾਇਆ ਗਿਆ। ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਹਾਲ 'ਚ ਵੀਰਵਾਰ ਦੁਪਹਿਰ ਦੇ ਸਮੇਂ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਆਯੋਜਿਤ 80ਵੇਂ ਸ਼ਹੀਦੀ ਦਿਨ ਸਮਾਗਮ ਦੀ ਪ੍ਰਧਾਨਗੀ ਪਾਕਿਸਤਾਨ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਐਡਵੋਕੇਟ ਅਬਦੁਲ ਰਾਸ਼ਿਦ ਕੁਰੈਸ਼ੀ ਨੇ ਕੀਤੀ। ਸ਼ਰਧਾਂਜਲੀ ਸਮਾਰੋਹ ਦੇ ਬਾਅਦ ਕੈਂਡਲ ਮਾਰਚ ਕੱਢ ਕੇ ਸ਼ਹੀਦ ਉਧਮ ਸਿੰਘ ਨੂੰ ਯਾਦ ਕੀਤਾ ਗਿਆ।ਇਸ ਮੌਕੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਾਸ਼ਿਦ ਕੁਰੈਸ਼ੀ ਨੇ ਅਮਰ ਸ਼ਹੀਦ ਉਧਮ ਸਿੰਘ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹੀਦ ਉਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਵਰਤਮਾਨ ਭਾਰਤ ਦੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ 'ਚ ਹੋਇਆ ਸੀ।

ਉਧਮ ਸਿੰਘ ਨੇ 13 ਅਪਰੈਲ 1919 ਨੂੰ ਜਲਿਆਂਵਾਲਾ ਬਾਗ 'ਚ ਹੋਏ ਕਤਲੇਆਮ ਦਾ ਬਦਲਾ ਲੈਣ ਲਈ ਜਲਿਆਂਵਾਲਾ ਬਾਗ ਦੇ ਦੋਸ਼ੀ ਮਾਇਕਲ ਓਡਵਾਇਰ ਨੂੰ 13 ਮਾਰਚ 1940 ਨੂੰ ਉਸ ਦੀ ਜ਼ਮੀਨ ਉੱਤੇ ਜਾਕੇ ਮਾਰਿਆ। ਮਾਰਨ ਦੇ ਬਾਅਦ ਉਧਮ ਸਿੰਘ ਨੇ ਉੱਥੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਗ੍ਰਿਫਤਾਰੀ ਦੇ ਦਿੱਤੀ। ਉਨ੍ਹਾਂ 'ਤੇ ਮੁਕੱਦਮਾ ਚਲਿਆ ਅਤੇ ਚਾਰ ਜੂਨ 1940 ਨੂੰ ਉਨ੍ਹਾਂ ਨੂੰ ਹੱਤਿਆ ਦਾ ਦੋਸ਼ੀ ਐਲਾਨਿਆ ਗਿਆ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਪੇਂਟਨਵਿਲੇ ਜੇਲ 'ਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਹੀ ਤਰ੍ਹਾਂ ਸ਼ਹੀਦ ਉਧਮ ਸਿੰਘ ਦਾ ਆਜ਼ਾਦੀ ਅੰਦੋਲਨ ਵਿਚ ਬਹੁਤ ਯੋਗਦਾਨ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਹੱਸਦੇ-ਹੱਸਦੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਦੇਸ਼ ਭਗਤੀ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਅੱਜ ਅਸੀਂ ਜੋ ਆਜ਼ਾਦੀ ਦੀ ਖੁੱਲ੍ਹੀ ਹਵਾ 'ਚ ਸਾਹ ਲੈ ਰਹੇ ਹਾਂ, ਉਹ ਇਨ੍ਹਾਂ ਅਮਰ ਸ਼ਹੀਦਾਂ ਦੀ ਹੀ ਦੇਣ ਹੈ।


Related Posts

0 Comments

    Be the one to post the comment

Leave a Comment