International

ਜਾਣੋ ਕੌਣ ਹਨ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ

    12 September 2020

ਕਾਂਗਰਸ ਵਿਚ ਚਿੱਠੀ ਬੰਬ ਦੇ ਲਗਭਗ ਇਕ ਮਹੀਨੇ ਬਾਅਦ ਹਾਈਕਮਾਨ ਵਲੋਂ ਪਾਰਟੀ 'ਚ ਵੱਡਾ ਫੇਰ-ਬਦਲ ਕੀਤਾ ਗਿਆ ਹੈ। ਇਸ ਫੇਰ ਬਦਲ ਦਾ ਸੇਕ ਪੰਜਾਬ ਕਾਂਗਰਸ ਨੂੰ ਵੀ ਲੱਗਾ ਹੈ। ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰ ਦੀ ਅਹੁਦੇ ਤੋਂ ਛੁੱਟੀ ਕਰਕੇ ਉਨ੍ਹਾਂ ਦੀ ਜਗ੍ਹਾ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਹਰੀਸ਼ ਰਾਵਤ ਉੱਤਰਾਖੰਡ ਦੇ ਚੋਟੀ ਦੇ ਲੀਡਰਾਂ ਵਿਚੋਂ ਹਨ, ਜਿਨ੍ਹਾਂ ਨੇ 1980 ਵਿਚ ਭਾਜਪਾ ਦੇ ਉੱਘੇ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਹਰਾਇਆ ਸੀ। ਰਾਵਤ ਪਹਾੜੀ ਸੂਬੇ ਵਿਚ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ 2012 ਤੋਂ 2014 ਦੌਰਾਨ ਮਨਮੋਹਨ ਸਿੰਘ ਦੀ ਸਰਕਾਰ ਵਿਚ ਜਲ ਸੰਸਾਧਨ ਮੰਤਰੀ ਰਹਿ ਚੁੱਕੇ ਹਨ।ਰਾਹਤ ਇੰਡੀਅਨ ਯੂਥ ਕਾਂਗਰਸ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ਨੇ ਉਸ ਸਮੇਂ ਉਡਾਨ ਭਰੀ ਜਦੋਂ ਉਨ੍ਹਾਂ ਨੇ ਸੱਤਵੀਂ ਲੋਕ ਸਭਾ ਚੋਣਾਂ ਦੌਰਾਨ 1980 ਵਿਚ ਅਲਮੋੜਾ ਸੰਸਦੀ ਸੀਟ 'ਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਮਾਤ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੇ ਅੱਠਵੀਂ ਅਤੇ ਨੌਵੀਂ ਲੋਕ ਸਭਾ ਚੋਣਾਂ ਵਿਚ ਵੀ ਜਿੱਤ ਹਾਸਲ ਕੀਤੀ। ਉਹ ਸਾਲ 2000 ਵਿਚ ਉਸ ਸਮੇਂ ਸੂਬਾ ਪਾਰਟੀ ਇਕਾਈ ਦੇ ਪ੍ਰਧਾਨ ਬਣਾਏ ਗਏ ਜਦੋਂ ਉਤਰਾਖੰਡ ਨੂੰ ਉਤਰ ਪ੍ਰਦੇਸ਼ ਤੋਂ ਵੱਖ ਕੀਤਾ ਗਿਆ। ਸਾਲ 2002 ਵਿਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ। ਸਾਲ 2009 ਵਿਚ ਲੋਕ ਸਭਾ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਲਈ ਸੀਟ ਰਿਜ਼ਰਵ ਹੋਣ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਰਵਾਇਤੀ ਅਲਮੋੜਾ ਸੀਟ ਛੱਡਣੀ ਪਈ। ਉਸ ਤੋਂ ਬਾਅਦ ਰਾਵਤ ਹਰਿਦੁਆਰ ਲੋਕ ਸਭਾ ਸੀਟ ਦੇ ਚੋਣ ਮੈਦਾਨ ਵਿਚ ਉਤਰੇ। ਉਨ੍ਹਾਂ ਨੇ ਭਾਜਪਾ ਦੇ ਸਵਾਮੀ ਯਤੀਸ਼ਵਰਾਨੰਦ ਗਿਰੀ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਰਾਵਤ ਨੂੰ 2014 ਵਿਚ ਉਸ ਸਮੇਂ ਮੁੱਖ ਮੰਤਰੀ ਬਣਾਇਆ ਗਿਆ ਜਦੋਂ ਉਨ੍ਹਾਂ ਦੇ ਪਾਰਟੀ ਸਹਿਯੋਗੀ ਵਿਜੇ ਬਹੁਗੁਣਾ 'ਤੇ ਜੁਲਾਈ 2013 ਵਿਚ ਆਈ ਕੁਦਰਤੀ ਆਪਦਾ ਨੂੰ ਠੀਕ ਤਰ੍ਹਾਂ ਨਾਲ ਨਾ ਚਲਾਉਣ ਦਾ ਦੋਸ਼ ਲੱਗਾ। ਰਾਵਤ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਦੁਆਰ ਰੂਰਲ ਅਤੇ ਕਿੱਛਾ ਦੋਵਾਂ ਜਗ੍ਹਾ ਤੋਂ ਹਾਰ ਗਏ। ਕਾਂਗਰਸ ਨੂੰ ਉਨ੍ਹਾਂ ਦੀ ਅਗਵਾਈ ਵਿਚ ਉਥੋਂ 70 ਸੀਟਾਂ 'ਚੋਂ ਮਹਿਜ਼ 11 ਸੀਟਾਂ ਹੀ ਹਾਸਲ ਹੋ ਸਕੀਆਂ ਜਦਕਿ ਭਾਜਪਾ ਨੇ 57 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। 2017 ਵਿਚ ਮਿਲੀ ਹਾਰ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਰਾਵਤ 'ਤੇ ਫਿਰ ਭਰੋਸਾ ਵਿਖਾਇਆ ਅਤੇ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨੈਨੀਤਾਲ-ਊਧਮਸਿੰਘ ਨਗਰ ਲੋਕ ਸਭਾ ਸੀਟ ਤੋਂ ਮੈਦਾਨ 'ਚ ਉਤਾਰ ਦਿੱਤਾ। ਇਨ੍ਹਾਂ ਚੋਣਾਂ ਵਿਚ ਵੀ ਉਹ ਭਾਜਪਾ ਦੇ ਅਜੇ ਭੱਟ ਹੱਥੋਂ 4 ਲੱਖ ਤੋਂ ਵੱਧ ਦੇ ਫਰਕ ਨਾਲ ਹਾਰ ਗਏ।
Related Posts

0 Comments

    Be the one to post the comment

Leave a Comment