ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਜਾਣਕਾਰੀ ਮੁਤਾਬਕ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਕੀਤਾ ਗਿਆ । ਇਸ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ 504 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ ਪਰ 325 ਨੂੰ ਹੀ ਵੀਜ਼ੇ ਮਿਲ ਸਕੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪਾਕਿਸਤਾਨ ਸਰਕਾਰ ਵਲੋਂ 5 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। 1 ਦਸੰਬਰ ਨੂੰ ਇਹ ਜਥਾ ਵਾਪਸ ਭਾਰਤ ਪਰਤ ਆਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਰਧਾਲੂਆਂ ਵਿਸ਼ੇਸ਼ ਤੌਰ ਮਾਸਕ ਤੇ ਸੈਨੇਟਾਈਜ਼ਰ ਦਿੱਤੇ ਗਏ ਤਾਂ ਜੋ ਉਹ ਇਸ ਭਿਆਨਕ ਬੀਮਾਰੀ ਤੋਂ ਆਪਣਾ ਬਚਾਅ ਕਰ ਸਕਣ। ਉਨ੍ਹਾਂ ਦੱਸਿਆ ਕਿ ਜਿੰਨ੍ਹੇ ਵੀ ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ ਸਭ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ। ਇਥੇ ਦੱਸ ਦੇਈਏ ਕਿ ਇਹ ਜਥਾ ਅੱਜ ਅਟਾਰੀ ਵਾਹਗਾ ਸੜਕ ਮਾਰਗ ਰਾਹੀਂ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ ਪ੍ਰਕਾਸ਼ ਪੁਰਬ ਮਨਾਉਣ ਉਪਰੰਤ ਇੱਕ ਦਸੰਬਰ ਨੂੰ ਵਾਪਸ ਪਰਤ ਆਵੇਗਾ।
0 Comments
Be the one to post the comment
Leave a Comment