ਕਿਸਾਨ ਅੰਦੋਲਨ 'ਚ ਆਪਣੇ ਹੱਕਾਂ ਲਈ ਕਿਸਾਨ ਕਿਸ ਸ਼ਿੱਦਤ ਨਾਲ ਡਟੇ ਹੋਏ ਹਨ, ਇਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਦੇ ਨੌਜਵਾਨ ਕਿਸਾਨ ਮਨਿੰਦਰ ਸਿੰਘ ਮਨੀ ਵੜਿੰਗ ਨੇ ਅੰਦੋਲਨ 'ਚ ਬੈਠ ਕੇ ਹੀ ਆਪਣੀ ਐਲ. ਐਲ. ਬੀ. ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਦਿੱਤੀ ਕਿਉਂਕਿ ਕੋਵਿਡ ਕਾਰਨ ਪ੍ਰੀਖਿਆਵਾਂ ਆਨਲਾਈਨ ਹੋ ਰਹੀਆਂ ਹਨ।ਇਸ ਲਈ ਅਮਰਜੀਤ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਵਿਦਿਆਰਥੀ ਮਨਿੰਦਰ ਸਿੰਘ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਹੋ ਕੇ ਜਿੱਥੇ ਕਿਸਾਨ ਦਾ ਪੁੱਤਰ ਹੋਣ ਦਾ ਫਰਜ਼ ਨਿਭਾਇਆ, ਉੱਥੇ ਹੀ ਆਪਣੀ ਪ੍ਰੀਖਿਆ ਵੀ ਦੇ ਦਿੱਤੀ। ਮਨਿੰਦਰ ਵੜਿੰਗ ਪਿਛਲੇ ਕਈ ਦਿਨਾਂ ਤੋਂ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਔਖੀ ਘੜੀ 'ਚੋਂ ਲੰਘ ਰਹੇ ਹਨ ਅਤੇ ਅਜਿਹੇ 'ਚ ਉਹ ਆਪਣਾ ਫਰਜ਼ ਕਿਸ ਤਰ੍ਹਾਂ ਭੁੱਲ ਸਕਦੇ ਹਨ। ਇਸ ਲਈ ਉਹ ਆਪਣੇ ਸਾਥੀਆਂ ਸਮੇਤ ਧਰਨੇ 'ਚ ਡਟੇ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਕਿਸਾਨ ਸਰਦ ਰਾਤਾਂ 'ਚ ਨੰਗੇ ਪੈਰ ਖੇਤਾਂ 'ਚ ਕੰਮ ਕਰਕੇ ਦੇਸ਼ ਦਾ ਢਿੱਡ ਭਰਨ ਲਈ ਅਨਾਜ ਪੈਦਾ ਕਰ ਸਕਦਾ ਹੈ, ਉਹ ਕਿਸਾਨ ਆਪਣੇ ਹੱਕਾਂ ਲਈ ਸਰਹੱਦਾਂ 'ਤੇ ਅੰਦੋਲਨ ਕਰਨ ਤੋਂ ਪਿੱਛੇ ਕਿਵੇਂ ਹਟ ਸਕਦਾ ਹੈ।
0 Comments
Be the one to post the comment
Leave a Comment