ਪਿਛਲੇ 20 ਵਰ੍ਹਿਆਂ ਦੌਰਾਨ ਪੰਜਾਬ 'ਚ ਚੱਲੇ ਅਧਿਆਪਕ ਸੰਘਰਸ਼ਾਂ 'ਚ ਆਪਣੀ ਜਾਨ ਤਲੀ 'ਤੇ ਧਰ ਕੇ ਮੋਹਰੀ ਹੋ ਕੇ ਨਿੱਤਰਨ ਵਾਲੇ ਜੁਝਾਰੂ ਆਗੂਆਂ ਦੀ ਜਦੋਂ ਗੱਲ ਤੁਰਦੀ ਹੈ ਤਾਂ ਸਭ ਤੋਂ ਮੋਹਰੀ ਕਤਾਰ 'ਚ ਪੰਜਾਬ ਦੇ ਮਾਲਵਾ ਖਿੱਤੇ ਦੀ ਧੁੰਨੀ ਵਜੋ ਜਾਣੇ ਜਾਂਦੇ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਜੰਮਪਲ ਜਸਵਿੰਦਰ ਸਿੰਘ ਸਿੱਧੂ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਕਿਉਂਕਿ ਅਧਿਆਪਕ ਸੰਘਰਸ਼ਾਂ ਦਾ ਇਹ ਯੋਧਾ ਹੈ ਜਿਸ ਨੇ ਦੋ ਦੁਹਾਕਿਆਂ ਦੌਰਾਨ ਅਨੇਕਾਂ ਵਾਰ ਸਰਕਾਰੀ ਜੁਲਮ ਨੂੰ ਆਪਣੇ ਪਿੰਡੇ 'ਤੇ ਹੰਢਾਉਂਦੇ ਹੋਏ ਹਜ਼ਾਰਾਂ ਅਧਿਆਪਕਾਂ ਸਾਥੀਆਂ ਨੂੰ ਸਰਕਾਰੀ ਜਬਰ ਦਾ ਟਾਕਰਾ ਕਰ ਕੇ ਪੱਕੀ ਨੌਕਰੀ ਦਿਵਾਈ ਹੈ। ਹੁਣ ਜਦੋ ਪੰਜਾਬ ਦੀ ਕਿਸਾਨੀ ਮਝਧਾਰ 'ਚ ਫ਼ਸੀ ਪਈ ਹੈ ਤਾਂ ਕੈਨੇਡਾ ਦੀ ਧਰਤੀ ਤੋਂ ਪੰਜਾਬ ਆ ਜਸਵਿੰਦਰ ਸਿੰਘ ਸਿੱਧੂ ਜਿਥੇ ਦਿੱਲੀ ਮੋਰਚਾ ਫ਼ਤਿਹ ਕਰਨ ਲਈ ਅਧਿਆਪਕ ਸਾਥੀਆਂ ਨਾਲ ਤੁਰ ਪਿਆ ਹੈ ਉਥੇ ਉਨ੍ਹਾਂ ਦਾ ਸਪੁੱਤਰ ਸਿਮਰਨਜੀਤ ਸਿੰਘ ਸਿੱਧੂ ਕੈਨੇਡਾ ਦੇ ਸਰੀ ਸ਼ਹਿਰ 'ਚ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਕੁਝ ਸਮਾਂ ਕੱਢ ਕੇ ਕੈਨੇਡਾ 'ਚ ਲੋਕਾਂ ਨੂੰ ਕਿਸਾਨ ਸੰਘਰਸ਼ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ।ਦੂਜੇ ਪਾਸੇ ਕੈਨੇਡਾ ਤੋਂ ਭਾਰਤ ਪੁੱਜੇ ਮਾਸਟਰ ਜਸਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਦੀ ਕਿਸਾਨੀ ਬਿਪਤਾ 'ਚ ਹੈ ਤਾਂ ਉਹ ਤੁਰੰਤ ਭਾਰਤ ਪੁੱਜ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤ ਹੀ ਜੇਕਰ ਨਾ ਬਚੇ ਤਾਂ ਪੰਜਾਬ ਦੇ ਲੋਕ ਕੀ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਕਿਸਾਨ ਸੰਘਰਸ਼ ਦੀ ਜਿੱਤ ਨਹੀਂ ਹੁੰਦੀ ਉਹ ਦਿੱਲੀ ਮੋਰਚੇ 'ਤੇ ਹੀ ਰਹਿਣਗੇ। ਮਾਤਾ-ਪਿਤਾ ਦਾ ਆਸ਼ੀਰਵਾਦ ਲੈ ਕੇ ਤੁਰੰਤ ਕੈਨੇਡਾ ਤੋਂ ਦਿੱਲੀ ਕੂਚ ਕਰਨ ਵਾਲੇ ਸਿੱਧੂ ਪਰਿਵਾਰ ਦੀਆਂ ਸੇਵਾਵਾਂ ਦੀਆਂ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
0 Comments
Be the one to post the comment
Leave a Comment