International

ਬਾਦਲ ਤੇ ਪਟਿਆਲਾ ’ਚ ਪੱਕੇ ਕਿਸਾਨ ਮੋਰਚੇ ਹੁਣ 25 ਤੱਕ ਰਹਿਣਗੇ ਜਾਰੀ

    19 September 2020

ਕੋਰੋਨਾ ਦੀ ਆੜ ਹੇਠ ਸੰਸਦ ’ਚ ਗਿਣਤੀ ਦੇ ਜ਼ੋਰ ’ਤੇ ਕਿਸਾਨ ਮਾਰੂ ਖੇਤੀ ਕਾਨੂੰਨ ਮੜ੍ਹ ਰਹੀ ਕੇਂਦਰੀ ਭਾਜਪਾ-ਅਕਾਲੀ ਸਰਕਾਰ ਖ਼ਿਲਾਫ਼ ਅਤੇ ਚੋਣ ਵਾਅਦਿਆਂ ਤੋਂ ਭੱਜੀ ਖੜ੍ਹੀ ਪੰਜਾਬ ਦੀ ਕਾਂਗਰਸ ਹਕੂਮਤ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਬਾਦਲ ਪਿੰਡ ਅਤੇ ਪਟਿਆਲਾ ਪੁੱਡਾ ਗਰਾਊਂਡ ਵਿਖੇ ਸ਼ੁਰੂ ਕੀਤੇ ਪੱਕੇ ਮੋਰਚੇ ਹੁਣ 25 ਸਤੰਬਰ ਤੱਕ ਜਾਰੀ ਰਹਿਣਗੇ। ਇਹ ਐਲਾਨ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਰੋਜ਼ਾਨਾ ਲੰਬੇ ਹੋ ਰਹੇ ਕਾਫ਼ਲਿਆਂ ਦੀ ਬਦੌਲਤ ਚੌਥੇ ਦਿਨ ਭਾਰੀ ਗਿਣਤੀ ਬੀਬੀਆਂ ਅਤੇ ਨੌਜਵਾਨਾਂ ਸਮੇਤ ਹੋਰ ਵੀ ਵੱਡੀ ਗਿਣਤੀ 'ਚ ਕਿਸਾਨ-ਮਜ਼ਦੂਰ ਪੁੱਜੇ। ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਹੈ ਕਿ ਪਿੰਡ ਥੋਬਾ ਜ਼ਿਲ੍ਹਾ ਅੰਮ੍ਰਿਤਸਰ 'ਚ ਵੀ ਜੱਥੇਬੰਦੀ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਵਿਸ਼ਾਲ ਰੈਲੀ ਕੀਤੀ ਗਈ। ਦੋਨਾਂ ਪੱਕੇ ਮੋਰਚਿਆਂ 'ਚ ਪੀ. ਐੱਸ. ਯੂ. ਸ਼ਹੀਦ ਰੰਧਾਵਾ ਤੇ ਨੌਜਵਾਨ ਭਾਰਤ ਸਭਾ ਦੇ ਵਿਦਿਆਰਥੀ/ਨੌਜਵਾਨ ਜੱਥਿਆਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਖੇਤ ਮਜ਼ਦੂਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਤੇ ਡੀ. ਟੀ. ਐੱਫ. ਦੀ ਅਗਵਾਈ ਹੇਠ ਮੁਲਾਜ਼ਮ ਜੱਥੇ ਵੀ ਸ਼ਾਮਲ ਹੋਏ।

ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਨੂੰ ਕਿਸਾਨਾਂ ਵੱਲੋਂ ਦਿਨੋ-ਦਿਨ ਫੈਲ ਰਹੇ ਵਿਆਪਕ ਕਿਸਾਨ ਰੋਹ ਦੇ ਦਬਾਅ ਥੱਲੇ ਅਕਾਲੀ ਦਲ (ਬ) ਦੀ ਸਿਆਸੀ ਚਮੜੀ ਬਚਾਉਣ ਦੇ ਤਰਲੇ ਵੱਜੋਂ ਦੇਖਿਆ ਜਾ ਰਿਹਾ ਹੈ ਪਰ ਜੱਥੇਬੰਦੀ ਵੱਲੋਂ ਦਾਅਵਾ ਹੈ ਕਿ ਇਹ ਤਰਲਾ ਉਦੋਂ ਤੱਕ ਕਾਮਯਾਬ ਨਹੀਂ ਹੋਵੇਗਾ, ਜਦੋਂ ਤੱਕ ਕਿਸਾਨ-ਵਿਰੋਧੀ ਭਾਜਪਾ ਹਕੂਮਤੀ ਗੱਠਜੋੜ ਨਾਲੋਂ ਅਕਾਲੀ ਦਲ (ਬ) ਵੱਲੋਂ ਨਾਤਾ ਨਹੀਂ ਤੋੜਿਆ ਜਾਂਦਾ।ਮੋਰਚਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਸਮੇਤ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨ ਸਕੱਤਰ ਤੇ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਪਾਸ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕਿਸਾਨ ਦੁਸ਼ਮਣ ਗਰਦਾਨਦਿਆਂ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਿਸਾਨ ਮਾਰੂ ਖੇਤੀ ਕਾਨੂੰਨ ਤੇ ਬਿਜਲੀ ਸੋਧ ਕਾਨੂੰਨ-2020 ਸਮੇਤ ਭੂਮੀ-ਅਧਿਗ੍ਰਹਿਣ ਕਾਨੂੰਨ ’ਚ ਕਿਸਾਨ ਮਾਰੂ ਸੋਧਾਂ ਰੱਦ ਕੀਤੀਆਂ ਜਾਣ।


Related Posts

0 Comments

    Be the one to post the comment

Leave a Comment