International

ਹੁਸ਼ਿਆਰਪੁਰ 'ਚ ਫਿਰ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ

    21 November 2020

 ਖਾਲਿਸਤਾਨੀ ਸਮਰਥਕਾਂ ਵੱਲੋਂ ਪੰਜਾਬ 'ਚ ਮਾਹੌਲ ਖਰਾਬ ਕਰਨ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਖਾਲਿਸਤਾਨੀ ਨਾਅਰੇ ਲਿਖੇ ਜਾ ਰਹੇ ਹਨ। ਇਸੇ ਤਹਿਤ ਅੱਜ ਹੁਸ਼ਿਆਰਪੁਰ 'ਚ ਇਕ ਵਾਰ ਫਿਰ ਤੋਂ ਖਾਲਿਸਤਾਨ ਦੇ ਨਾਅਰੇ ਲਿਖੇ ਪਾਏ ਗਏ। ਅੱਜ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ (ਪਾਲਦੀ, ਖੇੜਾ) ਦੇ 4 ਪਿੰਡਾਂ 'ਚ ਲਿਖੇ ਗਏ ਇਹ ਵੱਖਵਾਦੀ ਨਾਅਰੇ ਪੁਲਸ ਦੀ ਸੁਰੱਖਿਆ ਪ੍ਰਣਾਲੀ ਨੂੰ ਮੂੰਹ ਚਿੜਾਉਂਦੇ ਨਜ਼ਰ ਆਏ। ਪੁਲਸ ਵੱਲੋਂ ਫਿਲਹਾਲ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਇਥੇ ਦੱਸ ਦੇਈਏ ਕਿ ਲਗਭਗ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਦੇ ਵੱਖ-ਵੱਖ ਹਲਕਿਆਂ 'ਚ ਰਾਤ ਦੇ ਸਮੇਂ ਲਿਖੇ ਜਾਣ ਵਾਲੇ ਇਹ ਵੱਖਵਾਦੀ ਨਾਅਰੇ ਪੁਲਸ ਲਈ ਵੀ ਚਿੰਤਾ ਬਣਦੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਵੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਟਾਂਡਾ-ਹੁਸ਼ਿਆਰਪੁਰ ਅਤੇ ਬੁੱਲੋਵਾਲ ਦੇ ਨਾਲ ਲੱਗਦੇ ਪਿੰਡਾਂ ਸਮੇਤ ਜ਼ਿਲ੍ਹਾ ਨਵਾਂਸ਼ਹਿਰ 'ਚ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਬੀਤੇ ਦਿਨੀਂ ਹੀ ਜ਼ਿਲ੍ਹਾ ਨਵਾਂਸ਼ਹਿਰ 'ਚ ਤੀਜੀ ਵਾਰ ਬਹਿਰਾਮ ਤੋਂ ਮਾਹਿਲਪੁਰ ਮਾਰਗ 'ਤੇ ਲੱਗੇ ਬੋਰਡਾਂ 'ਤੇ ਖ਼ਾਲਿਸਤਾਨ ਸਮਰਥਕਾਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਗਏ ਸਨ।ਥਾਣਾ ਬਹਿਰਾਮ ਅਧੀਨ ਬਹਿਰਾਮ ਤੋਂ ਮਾਹਿਲਪੁਰ ਮਾਰਗ 'ਤੇ ਪਿੰਡ ਫਰਾਲਾ, ਸੰਧਵਾ ਅਤੇ ਸੂੰਢ 'ਤੇ ਲੱਗੇ ਬੋਰਡਾਂ 'ਤੇ ਖ਼ਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਮਿਲੇ ਸਨ। ਹਾਲਾਂਕਿ ਇਨ੍ਹਾਂ ਨਾਅਰਿਆਂ ਨੂੰ ਕਾਲੀ ਸਿਆਹੀ ਨਾਲ ਮਿਟਾਇਆ ਗਿਆ ਸੀ।ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਾ ਸ਼ਹਿਰ ਦੇ ਥਾਣਾ ਸਦਰ ਦੇ ਕੋਲ 300 ਗਜ ਦੀ ਦੂਰੀ 'ਤੇ ਵੀ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਅਤੇ ਫਿਰ ਦੂਜੀ ਵਾਰ ਬਲਾਚੌਰ ਐੱਸ. ਡੀ. ਐੱਮ. ਦਫ਼ਤਰ ਦੀਆਂ ਕੰਧਾਂ 'ਤੇ ਵੀ ਇਹੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ। ਸਭ ਤੋਂ ਵੱਡਾ ਸਵਾਲ ਨਵਾਂਸ਼ਹਿਰ ਦੀ ਪੁਲਸ ਪ੍ਰਸ਼ਾਸਨ 'ਤੇ ਖੜਾ ਹੁੰਦਾ ਹੈ ਕਿਉਂਕਿ ਦੋ ਵਾਰ ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਅਜਿਹੇ ਸ਼ਰਾਰਤੀ ਅਨਸਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ।
Related Posts

0 Comments

    Be the one to post the comment

Leave a Comment