International

ਰਾਹੁਲ ਦੀਆਂ ਟ੍ਰੈਕਟਰ ਰੈਲੀਆਂ ਤੋਂ ਮੁੜ ਪੁਰਾਣੇ ਰੋਂਅ 'ਚ ਆਉਣਗੇ ਨਵਜੋਤ ਸਿੱਧੂ

    03 October 2020

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਵਿਚ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਪਰ ਰਾਹੁਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀ ਸਿਆਸਤ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਣ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੱਧੂ ਨੂੰ ਮਨਾਉਣ ਵਿਚ ਕਾਮਯਾਬ ਹੋਣਾ ਅਤੇ ਉਨ੍ਹਾਂ ਨੂੰ ਪਾਰਟੀ ਦਾ ਭਵਿੱਖ ਦਸੱਣਾ ਹੈ। ਕਾਂਗਰਸ ਵਲੋਂ ਸਿੱਧੂ ਨੂੰ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟ੍ਰੈਕਟਰ ਰੈਲੀਆਂ ਵਿਚ ਲਿਆ ਕੇ ਮੁੜ ਤੋਂ ਸਰਗਰਮ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੀ ਸਿਆਸਤ ਵਿਚ ਸਭ ਤੋਂ ਅਹਿਮ ਘਟਨਾਕ੍ਰਮ ਉਦੋਂ ਉਭਰ ਕੇ ਸਾਹਮਣੇ ਆਇਆ ਜਦੋਂ ਵੀਰਵਾਰ ਨੂੰ ਹਰੀਸ਼ ਰਾਵਤ ਨੇ ਅੰਮ੍ਰਿਤਸਰ ਵਿਚ ਜਾ ਕੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਿੱਧੂ ਵਲੋਂ 15 ਮਹੀਨੇ ਤੋਂ ਕਾਂਗਰਸ ਤੋਂ ਬਣਾਈ ਦੂਰੀ ਨੂੰ ਲਗਭਗ ਖ਼ਤਮ ਕਰ ਦਿੱਤਾ। ਇਸ ਉਪਰੰਤ ਰਾਵਤ ਨੇ ਸਾਫ਼ ਕਿਹਾ ਕਿ ਨਵਜੋਤ ਸਿੱਧੂ ਬਹੁਤ ਜਲਦ ਮੁੜ ਪੰਜਾਬ ਵਿਚ ਪਹਿਲਾਂ ਵਾਂਗ ਗਰਜਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਾਵਤ ਨੇ ਦਾਅਵਾ ਕੀਤਾ ਕਿ ਸਿੱਧੂ ਰਾਹੁਲ ਗਾਂਧੀ ਦੀ ਰੈਲੀ ਵਿਚ ਸ਼ਮੂਲੀਅਤ ਕਰ ਰਹੇ ਹਨ। ਰਾਵਤ ਦੇ ਐਲਾਨ ਤੋਂ ਬਾਅਦ ਪਾਰਟੀ ਵਿਚ ਜਿਹੜੇ ਨੇਤਾ ਪਹਿਲਾਂ ਕੈਪਟਨ ਦੋਂ ਡਰਦੇ ਕੁਝ ਬੋਲ ਨਹੀਂ ਰਹੇ ਸਨ ਹੁਣ ਉਹ ਮੁੜ ਸਰਗਰਮ ਹੋ ਜਾਣਗੇ। 

ਉਧਰ ਰਾਹੁਲ ਗਾਂਧੀ ਦੇ ਟ੍ਰੈਕਟਰ 'ਤੇ ਬੈਠਣਗੇ ਨੂੰ ਲੈ ਕੇ ਵੀ ਖਿੱਚੋ ਤਾਣ ਚੱਲ ਰਹੀ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਚਾਹੁੰਦੀਆਂ ਹਨ ਕਿ ਰਾਹੁਲ ਬੁਲਟਪਰੂਫ ਟ੍ਰੈਕਟਰ 'ਤੇ ਬੈਠਣ ਪਰ ਪੰਜਾਬ ਕਾਂਗਰਸ ਆਮ ਟ੍ਰੈਕਟਰ 'ਤੇ ਇਹ ਮਾਰਚ ਕੱਢਣਾ ਚਾਹੁੰਦੀ ਹੈ ਕਿਉਂਕਿ ਜੇਕਰ ਬੁਲਟ ਪਰੂਫ ਟ੍ਰੈਕਟਰ 'ਤੇ ਰਾਹੁਲ ਬੈਠਦੇ ਹਨ ਤਾਂ ਇਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਵਿਚ ਗ਼ਲਤ ਸੰਦੇਸ਼ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਦੇ ਇਸ ਟ੍ਰੈਕਟਰ ਮਾਰਚ ਲਈ ਪ੍ਰਤਾਪ ਬਾਜਵਾ ਨੂੰ ਵੀ ਸੱਦਾ ਦਿੱਤਾ ਹੈ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਦੋ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਤਾਂ ਅਜਿਹੇ ਵਿਚ ਕਾਂਗਰਸ ਸੂਬੇ ਦੀ ਸੱਤਾ ਵਿਚ ਮੁੜ ਕਾਬਜ਼ ਹੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ। ਨਵਜੋਤ ਸਿੱਧੂ ਨੂੰ ਜਿੱਥੇ ਕਾਂਗਰਸ ਵਿਚ ਮੁੜ ਸਰਗਰਮ ਕੀਤਾ ਜਾ ਰਿਹਾ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਵੀ ਸਿੱਧੂ 'ਤੇ ਨਰਮ ਪਏ ਜਾਪ ਰਹੇ ਹਨ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਮੁੱਖ ਧਾਰਾ 'ਚ ਲੈ ਕੇ ਆਉਣ ਲਈ ਤਿਆਰ ਵੀ ਹੋ ਗਏ ਹਨ। ਉਂਝ ਕੈਪਟਨ ਪਹਿਲਾਂ ਵੀ ਕਈ ਵਾਰ ਇਹ ਗੱਲ ਆਖ ਚੁੱਕੇ ਹਨ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਅਤੇ ਜੇਕਰ ਸਿੱਧੂ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ।



Related Posts

0 Comments

    Be the one to post the comment

Leave a Comment