International

ਜ਼ਿਲ੍ਹਾ ਬਰਨਾਲਾ 'ਚ ਮੁੜ ਤੋਂ ਆਪਣੀ ਸਰਦਾਰੀ ਕਾਇਮ ਕਰਨ ਲਈ ਹੁਣੇ ਤੋਂ ਯਤਨਸ਼ੀਲ ਹੋਇਆ ਸ਼੍ਰੋਮਣੀ ਅਕਾਲੀ ਦਲ

    15 July 2020

ਮਾਲਵੇ ਦਾ ਧੁਰਾ ਕਿਹਾ ਜਾਣ ਵਾਲਾ ਜ਼ਿਲ੍ਹਾ ਬਰਨਾਲਾ ਜੋ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਹੁੰਦਾ ਸੀ ਇੱਥੇ ਪਿਛਲੇ ਕਰੀਬ 13 ਸਾਲਾਂ ਤੋਂ ਅਕਾਲੀ ਦਲ ਜ਼ਿਲ੍ਹਾ ਬਰਨਾਲਾ 'ਚ ਮੁੜ ਤੋਂ ਆਪਣੀ ਸਰਦਾਰੀ ਕਾਇਮ ਕਰਨ ਲਈ ਜੱਦੋ-ਜਹਿਦ ਕਰ ਰਿਹਾ ਹੈ ਪਰ ਉਸ ਨੂੰ ਅਜੇ ਤੱਕ ਸਫਲਤਾ ਨਹੀਂ ਸੀ ਮਿਲੀ। ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸੀਟਾਂ 'ਤੇ 2012 'ਚ ਜਿੱਥੇ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਸੀ ਉਥੇ ਹੀ 2017 'ਚ ਆਮ ਆਦਮੀ ਪਾਰਟੀ ਨੇ ਆਪਣਾ ਕਬਜ਼ਾ ਕਰ ਲਿਆ ਅਤੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਵੇਖਣਾ ਪਿਆ।ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵੇਲੇ ਇਕ-ਇਕ ਸੀਟ 'ਤੇ ਆਪਣੀ ਬਾਜ਼ ਅੱਖ ਰੱਖ ਰਹੇ ਹਨ ਅਤੇ ਜਿੱਥੇ ਉਨ੍ਹਾਂ ਨੂੰ ਕੋਈ ਕਮੀ ਲੱਗਦੀ ਹੈ ਉੱਥੇ ਉਹ ਖੁਦ ਦਖਲਅੰਦਾਜ਼ੀ ਕਰ ਕੇ ਪਾਰਟੀ ਨੂੰ ਉੱਪਰ ਚੁੱਕਣ ਲਈ ਯਤਨਸ਼ੀਲ ਹਨ।ਇਸੇ ਲੜੀ ਤਹਿਤ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹੇ ਦੇ ਉੱਘੇ ਐੱਨ.ਆਰ.ਆਈ.ਦਵਿੰਦਰ ਸਿੰਘ ਬੀਹਲਾ ਨੂੰ ਖੁਦ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਬਾਦਲ ਨੇ ਆਖਿਆ ਕਿ ਦਵਿੰਦਰ ਬੀਹਲਾ ਉਹ ਆਗੂ ਹਨ ਜਿਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ 'ਚ ਮੋਹਰੀ ਰੋਲ ਅਦਾ ਕੀਤਾ ਸੀ। ਉਨ੍ਹਾਂ ਆਖਿਆ ਸੀ ਕਿ ਅੱਜ ਆਮ ਆਦਮੀ ਪਾਰਟੀ ਦਾ ਹੀਰਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਿਹਾ ਹੈ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਉਮੀਦਵਾਰਾਂ ਦੀ ਜਿੱਤ 'ਚ ਮੋਹਰੀ ਰੋਲ ਅਦਾ ਕਰੇਗਾ।

ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਤੋਂ ਬਾਅਦ ਦਵਿੰਦਰ ਸਿੰਘ ਬੀਹਲਾ ਨੇ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਹਨ ਅਤੇ ਬਰਨਾਲਾ ਵਿਖੇ ਕਚਹਿਰੀ ਚੌਂਕ ਨੇੜੇ ਉਨ੍ਹਾਂ ਆਪਣਾ ਦਫ਼ਤਰ ਖੋਲ੍ਹ ਕੇ ਲੋਕਾਂ ਦੇ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਤਰ੍ਹਾਂ ਅਕਾਲੀ ਦਲ 'ਚ ਦਵਿੰਦਰ ਬੀਹਲਾ ਦੇ ਆ ਜਾਣ ਨਾਲ ਇਕ ਵਾਰ ਨਵੀਂ ਤਾਕਤ ਦਾ ਸੰਚਾਰ ਤਾਂ ਜ਼ਰੂਰ ਹੋਇਆ ਹੈ।ਭਾਵੇਂ ਅਜੇ ਕੁਝ ਪੁਰਾਣੇ ਅਕਾਲੀ ਆਗੂ ਦਵਿੰਦਰ ਬੀਹਲਾ ਦੀ ਇਸ ਸਰਗਰਮੀ ਨੂੰ ਚੰਗੀ ਨਿਗ੍ਹਾ ਨਾਲ ਨਹੀਂ ਵੇਖ ਰਹੇ ਪਰ ਦਵਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਜਿੱਤ ਕੇ ਪਾਰਟੀ ਪ੍ਰਧਾਨ ਦੀ ਝੋਲੀ ਪਾਉਣਗੇ। ਰਾਜਨੀਤਕ ਮਾਹਿਰ ਤਾਂ ਇਹ ਵੀ ਦੱਸਦੇ ਹਨ ਕਿ ਅੰਦਰ ਖਾਤੇ ਦਵਿੰਦਰ ਬੀਹਲਾ ਦੀ ਪਾਰਟੀ ਪ੍ਰਧਾਨ ਨਾਲ ਬਰਨਾਲਾ ਸੀਟ ਤੋਂ ਚੋਣ ਲੜਾਉਣ ਬਾਰੇ ਗੱਲਬਾਤ ਹੋ ਚੁੱਕੀ ਹੈ ਇਸੇ ਕਾਰਣ ਉਨ੍ਹਾਂ ਜਿੱਥੇ ਹਲਕਾ ਬਰਨਾਲਾ 'ਚ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹਨ ਉੱਥੇ ਹੀ ਬਰਨਾਲਾ ਵਿਖੇ ਆਪਣਾ ਨਿੱਜੀ ਦਫ਼ਤਰ ਖੋਲ੍ਹ ਕੇ ਲੋਕਾਂ ਦੇ ਕੰਮ ਕਾਰ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ 'ਚ ਕਿਸ ਪਾਰਟੀ ਤੋਂ ਕੌਣ ਉਮੀਦਵਾਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਕਾਲੀ ਦਲ ਨੇ ਮੁੜ ਤੋਂ ਵਾਪਸੀ ਕਰਨ ਲਈ ਹੁਣੇ ਤੋਂ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ ਹੈ।


Related Posts

0 Comments

    Be the one to post the comment

Leave a Comment