ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਰਾਹ ਪਏ ਕਿਸਾਨਾਂ 'ਤੇ ਮਾਮਲੇ ਦਰਜ ਕਰਨ ਨੂੰ ਲੈ ਕੇ ਨਵਜੋਤ ਸਿੱਧੂ ਨੇ ਸਵਾਲ ਚੁੱਕੇ ਹਨ। ਨਵਜੋਤ ਸਿੱਧੂ ਨੇ ਪੁੱਛਿਆ ਹੈ ਕਿ 10,000 ਕਿਸਾਨ ਅੰਦੋਲਨਕਾਰੀਆਂ 'ਤੇ ਜਿਹੜੇ ਮਾਮਲੇ ਦਰਜ ਕੀਤੇ ਗਏ ਹਨ ਕੀ ਉਹ ਅਪਰਾਧੀ ਹਨ? ਸਿੱਧੂ ਨੇ ਟਵੀਟ ਕਰਦੇ ਹੋਏ ਪੁੱਛਿਆ ਹੈ ਕਿ ਭਾਰਤ 'ਤੇ ਹਮਲਾ ਕਰਨ ਸਮੇਂ ਢਾਲ ਕੌਣ ਬਣਿਆ ਹੈ, ਸੁਤੰਤਰਤਾ ਸੰਗ੍ਰਾਮ ਵਿਚ ਸਭ ਤੋਂ ਵੱਧ ਸ਼ਹੀਦਾਂ ਦੀ ਗਿਣਤੀ ਜਿਨ੍ਹਾਂ ਦੀ ਹੈ, ਸਭ ਤੋਂ ਵੱਧ ਪਰਮਵੀਰ ਚੱਕਰ ਜਿਨ੍ਹਾਂ ਨੇ ਹਾਸਲ ਕੀਤੇ, ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ 80 ਕਰੋੜ ਲੋਕਾਂ ਦਾ ਢਿੱਡ ਭਰਿਆ ਕੀ ਅੱਜ ਉਹ ਅਪਰਾਧੀ ਹੋ ਗਏ ਹਨ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਆਪਣੇ ਟਵੀਟਰ ਹੈਂਡਲ 'ਤੇ ਦੋ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਨ੍ਹਾਂ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।ਦੱਸਣਯੋਗ ਹੈ ਕਿ ਦਿੱਲੀ ਦੇ ਸਿੰਧੂ ਬਾਰਡਰ 'ਤੇ ਪਹਿਲਾਂ ਤੋਂ ਮੌਜੂਦ ਕਿਸਾਨਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਰਹੇ ਹਨ, ਜਿਸ ਦੇ ਚੱਲਦੇ ਧਰਨੇ 'ਚ ਕਿਸਾਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਬੈਠਕ ਕੀਤੀ ਸੀ, ਜੋ ਕਿ ਖ਼ਤਮ ਹੋ ਗਈ ਹੈ। ਇਸ ਬੈਠਕ 'ਚ ਕਿਸਾਨਾਂ ਨੇ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਦਰਅਸਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਬੁਰਾੜੀ ਮੈਦਾਨ 'ਚ ਚਲੇ ਜਾਣ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਤੈਅ ਥਾਂ 'ਤੇ ਜਾਂਦੇ ਹੀ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਇਕ ਮੁੱਦੇ ਦਾ ਛੇਤੀ ਤੋਂ ਛੇਤੀ ਹੱਲ ਹੋਣ ਦਾ ਰਾਹ ਨਿਕਲ ਸਕੇ। ਦੱਸ ਦੇਈਏ ਇਕ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨ ਜਿੱਦ 'ਤੇ ਅੜੇ ਹਨ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।
0 Comments
Be the one to post the comment
Leave a Comment