International

SGPC ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਮੈਨੇਜਰ ਤੇ ਗ੍ਰੰਥੀ ਮੁਅੱਤਲ

    22 December 2020

ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਭਚਾਰ ਦੇ ਦੋਸ਼ ’ਚ ਪੰਥ ’ਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਅੱਜ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਭੋਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਉਣ, ਗ੍ਰੰਥੀ ਸਿੰਘ ਵੱਲੋਂ ਉਸ ਦੀ ਅਰਦਾਸ ਕਰਨ ਤੇ ਸਿਰੋਪਾਓ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਘਟਨਾ ਦੀ ਤੁਰੰਤ ਪੜਤਾਲ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਦਾ ਹੁਕਮ ਦੇ ਦਿੱਤਾ ਹੈ।ਉੱਧਰ ਦੇਰ ਸ਼ਾਮੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਹੁਕਮਾਂ ’ਤੇ ਕਾਰਵਾਈ ਅਮਲ ’ਚ ਲਿਆਉਂਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡ. ਹਰਜਿੰਦਰ ਸਿੰਘ ਧਾਮੀ ਨੇ ਗੁ. ਫਤਿਹਗੜ੍ਹ ਸਾਹਿਬ ਦੇ ਮੈਨੇਜਰ ਤੇ ਸਬੰਧਤ ਗ੍ਰੰਥੀ ਨੂੰ ਨੌਕਰੀ ਤੋਂ ਮੁਅੱਤਲ ਕਰਦਿਆਂ ਘਟਨਾ ਦੀ ਵਿਸਥਾਰਤ ਪੜਤਾਲ ਫਲਾਇੰਗ ਸਕੂਐਡ ਨੂੰ ਸੌਂਪ ਦਿੱਤੀ ਹੈ ਤਾਂ ਜੋ ਘਟਨਾ ਲਈ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਮੁਲਾਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੰਗਾਹ ਦਾ ਅਖੰਡ ਪਾਠ ਸਾਹਿਬ, ਉਸ ਦੀ ਅਰਦਾਸ ਕਰ ਕੇ ਤੇ ਉਸ ਨੂੰ ਸਿਰੋਪਾਓ ਦੇ ਕੇ ਸਿੱਖ ਸਿਧਾਂਤਾਂ ਨੂੰ ਮਿੱਟੀ ’ਚ ਰੋਲਿਆ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਲੰਗਾਹ ਵੱਲੋਂ ਇਹ ਅਖੰਡ ਪਾਠ ਸਾਹਿਬ 2015 ’ਚ ਬੁੱਕ ਕਰਵਾਇਆ ਗਿਆ ਸੀ ਤੇ ਉਸ ਤੋਂ ਵੱਧ ਲੰਗਾਹ ਸਬੰਧੀ ਜੋ ਵੀ ਘਟਨਾਵਾਂ ਸਾਹਮਣੇ ਆਈਆਂ 2015 ਤੋਂ ਬਾਅਦ ਦੀਆਂ ਹਨ। ਉਨ੍ਹਾਂ ਕਿਹਾ ਕਿ ਨਿਮਾਣਾ ਹੋ ਕੇ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਗੁਰੂ ਘਰ ਆਉਣ ਤੋਂ ਕੋਈ ਵਿਅਕਤੀ ਰੋਕ ਨਹੀਂ ਸਕਦਾ। ਉਨ੍ਹਾਂ ਬੀਰਦਵਿੰਦਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਰਖੀਆਂ ਬਟੋਰਨ ਤੇ ਨੁਕਤਾਚੀਨੀ ਕਰਨ ਦੀ ਹਮੇਸ਼ਾ ਰਹਿੰਦੀ ਹੈ।


Related Posts

0 Comments

    Be the one to post the comment

Leave a Comment