International

ਅਟਾਰੀ 'ਤੇ ਲੱਗੇਗਾ 410 ਫੁੱਟ ਦਾ ਸੀ. ਸੀ. ਟੀ. ਵੀ. ਲਿਫਟ ਵਾਲਾ ਤਿਰੰਗਾ

    21 October 2020

ਜ਼ਿਲ੍ਹੇ ਦੇ ਨੌਜਵਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜੇ. ਸੀ. ਪੀ. (ਜੁਆਇੰਟ ਚੈੱਕ ਪੋਸਟ ) ਅਟਾਰੀ ਬਾਰਡਰ 'ਤੇ ਐੱਨ. ਐੱਚ. ਏ. ਆਈ. , ਐੱਲ. ਪੀ. ਏ. ਆਈ., ਬੀ. ਐੱਸ. ਐੱਫ਼. ਅਤੇ ਕਸਟਮ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਅਤੇ 25 ਕਰੋੜ ਰੁਪਏ ਦੀ ਲਾਗਤ ਨਾਲ ਜੇ. ਸੀ. ਪੀ. 'ਤੇ ਚੱਲ ਰਹੇ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ ਲਿਆ ਗਿਆ।ਇਸ ਦੌਰਾਨ ਤਾਲਾਬੰਦੀ ਤੋਂ ਪਹਿਲਾਂ ਪਰੇਡ ਦੇਖਣ ਆਉਣ ਵਾਲੇ ਟੂਰਿਸਟਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਨੂੰ ਦੂਰ ਕਰਦਿਆਂ ਔਜਲਾ ਨੇ ਕਿਹਾ ਕਿ ਜੇ. ਸੀ. ਪੀ. ਅਟਾਰੀ ਬਾਰਡਰ 'ਤੇ 410 ਫੁੱਟ ਉੱਚਾ ਸੀ. ਸੀ. ਟੀ. ਵੀ. ਅਤੇ ਲਿਫ਼ਟ ਨਾਲ ਲੈਸ ਤਿਰੰਗਾ ਲਾਇਆ ਜਾਵੇਗਾ ਕਿਉਂਕਿ ਭਾਰਤ ਨੇ ਜਦੋਂ ਆਪਣੇ ਸਰਹੱਦੀ ਇਲਾਕੇ ਜੇ. ਸੀ. ਪੀ. 'ਤੇ 360 ਫੁੱਟ ਵਾਲਾ ਤਿਰੰਗਾ ਲਾਇਆ ਸੀ ਤਾਂ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਆਪਣੇ ਸਰਹੱਦੀ ਖੇਤਰ 'ਚ 400 ਫੁੱਟ ਵਾਲਾ ਪਾਕਿਸਤਾਨੀ ਝੰਡਾ ਲਾ ਦਿੱਤਾ ਅਤੇ ਇਸ 'ਚ ਨਾ ਸਿਰਫ਼ ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ, ਸਗੋਂ ਇਕ ਲਿਫ਼ਟ ਵੀ ਲਾਈ, ਜਿਸ 'ਚ ਤਿੰਨ ਤੋਂ ਚਾਰ ਵਿਅਕਤੀ ਆਸਾਨੀ ਨਾਲ ਝੰਡੇ ਦੇ ਸਿਰੇ 'ਤੇ ਜਾ ਕੇ ਬੈਠ ਸਕਦੇ ਹਨ । ਔਜਲਾ ਅਨੁਸਾਰ 410 ਫੁੱਟ ਵਾਲੇ ਤਿਰੰਗੇ ਨੂੰ ਟੂਰਿਸਟ ਗੈਲਰੀ ਦੇ ਬਾਹਰ ਹੀ ਲਾਇਆ ਜਾਵੇਗਾ ਪਰ ਇਹ ਟੂਰਿਸਟ ਗੈਲਰੀ ਦੇ ਅੰਦਰੋਂ ਨਜ਼ਰ ਆਵੇਗਾ।ਵਰਣਨਯੋਗ ਹੈ ਕਿ ਪਾਕਿਸਤਾਨੀ ਝੰਡਾ ਉਨ੍ਹਾਂ ਦੀ ਟੂਰਿਸਟ ਗੈਲਰੀ ਤੋਂ ਅਤੇ ਭਾਰਤੀ ਇਲਾਕੇ ਤੋਂ ਨਜ਼ਰ ਆਉਂਦਾ ਹੈ ਪਰ ਭਾਰਤੀ ਟੂਰਿਸਟ ਗੈਲਰੀ ਦੇ ਅੰਦਰੋਂ ਮੌਜੂਦਾ 360 ਫੁੱਟ ਵਾਲਾ ਤਿਰੰਗਾ ਨਜ਼ਰ ਨਹੀਂ ਆਉਂਦਾ ਹੈ। ਔਜਲਾ ਨੇ ਜੇ. ਸੀ. ਪੀ. 'ਤੇ ਬੀ. ਐੱਸ. ਐੱਫ਼. ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੀ ਪਰੇਡ ਵੀ ਵੇਖੀ ਅਤੇ ਕੇਂਦਰ ਸਰਕਾਰ ਨੂੰ ਪਰੇਡ ਦੇਖਣ ਲਈ ਟੂਰਿਸਟ ਐਂਟਰੀ ਸ਼ੁਰੂ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਹੈ ਕਿਉਂਕਿ ਪਰੇਡ ਦੇ ਸਮੇਂ ਪਾਕਿਸਤਾਨੀ ਗੈਲਰੀ 'ਚ ਟੂਰਿਸਟ ਬੈਠ ਹੁੰਦੇ ਹਨ। ਪਾਕਿਸਤਾਨ ਨੇ ਆਪਣੀ ਗੈਲਰੀ 'ਚ ਐਂਟਰੀ ਸ਼ੁਰੂ ਕੀਤੀ ਹੋਈ ਹੈ ਪਰ ਅਜੇ ਤਕ ਭਾਰਤ ਸਰਕਾਰ ਨੇ ਟੂਰਿਸਟ ਐਂਟਰੀ ਸ਼ੁਰੂ ਨਹੀਂ ਕੀਤੀ ਹੈ।ਪਾਕਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੀ ਸਕੈਨਿੰਗ ਕਰਨ ਲਈ ਜੇ. ਸੀ. ਪੀ. ਅਟਾਰੀ 'ਤੇ ਲਾਇਆ ਗਿਆ ਟਰੱਕ ਸਕੈਨਰ ਅਜੇ ਤਕ ਸ਼ੁਰੂ ਨਹੀਂ ਹੋ ਸਕਿਆ ਹੈ ਅਤੇ ਇਸਦੇ ਸਾਰੇ ਟਰਾਇਲ ਅਸਫ਼ਲ ਰਹੇ ਹਨ। ਕਸਟਮ ਵਿਭਾਗ ਨੇ ਵੀ ਇਸ ਟਰੱਕ ਸਕੈਨਰ ਨੂੰ ਨਾਕਾਰਾ ਐਲਾਨਿਆ ਹੋਇਆ ਹੈ ਕਿਉਂਕਿ ਟਰਾਇਲ ਦੌਰਾਨ ਇਹ ਸਕੈਨਰ ਟਰੱਕ 'ਚ ਲੁਕਾਈਆਂ ਵਸਤਾਂ ਨੂੰ ਸਕੈਨ ਨਹੀਂ ਕਰ ਸਕਿਆ ਸੀ ਪਰ ਇਸ ਤੋਂ ਬਾਅਦ ਐੱਲ. ਪੀ. ਏ. ਆਈ. ਨੇ ਦੁਬਾਰਾ ਇਸਦਾ ਟਰਾਇਲ ਨਹੀਂ ਕੀਤਾ, ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਔਜਲਾ ਨੇ ਐੱਲ. ਪੀ. ਏ. ਆਈ. ਨੂੰ ਸ਼ੋਕਾਜ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਐੱਲ. ਪੀ. ਏ. ਆਈ. ਦੇ ਡਾਇਰੈਕਟਰ ਜਨਰਲ ਵੱਲੋਂ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਜਾਵੇਗੀ।ਲਾਲ ਬਾਗ ਹੈਦਰਾਬਾਦ ਦੀ ਤਰ੍ਹਾਂ ਜੇ. ਸੀ. ਪੀ. ਦੀ ਜ਼ੀਰੋ ਲਾਈਨ 'ਤੇ ਬਣਾਈ ਜਾ ਰਹੀ ਫੁਲਕਾਰੀ 'ਚ ਇਕ ਵੈਂਟੇਜ ਘੜੀ ਲਾਈ ਜਾਵੇਗੀ, ਤਾਂਕਿ ਇੱਥੇ ਆਉਣ ਵਾਲੇ ਲੋਕ ਸੈਲਫੀ ਲੈ ਸਕਣ । ਐੱਲ. ਪੀ. ਏ. ਆਈ. ਅਤੇ ਕਸਟਮ ਵਿਭਾਗ ਦੀ ਕੁਝ ਜ਼ਮੀਨ 'ਤੇ ਇਕ ਪੁਰਾਣੀ ਇਮਾਰਤ, ਜੋ 1956 ਦੀ ਬਣੀ ਹੋਈ ਹੈ, ਨੂੰ ਹਟਾਇਆ ਜਾਵੇਗਾ ਤਾਂਕਿ ਸੁੰਦਰੀਕਰਨ ਪ੍ਰਾਜੈਕਟ ਵਿਚ ਕਿਸੇ ਤਰ੍ਹਾਂ ਦੀ ਅੜਚਨ ਨਾ ਆਏ । ਫੁਲਕਾਰੀ ਦੇ ਅੰਦਰ ਕਿਸ ਤਰ੍ਹਾਂ ਦੇ ਫੁੱਲ ਲਾਏ ਜਾਣੇ ਹਨ, ਉਸ 'ਚ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦਾਂ ਦੇ ਬੁੱਤ ਵੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ ।Related Posts

0 Comments

    Be the one to post the comment

Leave a Comment