ਭਾਰਤ ਵੱਲੋਂ ਗਲਤੀ ਨਾਲ ਪਾਕਿਸਤਾਨ ‘ਚ ਮਿਜ਼ਾਇਲ ਡਿੱਗਣ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਨੂੰ ਗਿੱਦੜ ਧਮਕੀ ਦਿੰਦਿਆਂ ਕਿਹਾ ਕਿ ਜੇ ਪਾਕਿਸਤਾਨ ਚਾਹੁੰਦਾ ਤਾਂ ਭਾਰਤ ਦੀ ਇਸ ਗਲਤੀ ਦਾ ਜਵਾਬ ਦੇ ਸਕਦਾ ਸੀ ਪਰ ਅਸੀ ਸੰਜ਼ਮ ਵਰਤਿਆਂ । ਦਰਅਸਲ, ਭਾਰਤ ਵੱਲੋਂ ਗਲਤੀ ਨਾਲ ਇੱਕ ਮਿਜ਼ਾਇਲ ਚੱਲ ਗਈ ਸੀ, ਇਹ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਡਿੱਗੀ ਸੀ । 9 ਮਾਰਚ ਨੂੰ ਭਾਰਤੀ ਸੁਪਰਸੋਨਿਕ ਮਿਜ਼ਾਈਲ ਲਾਹੌਰ ਤੋਂ ਲਗਭਗ 275 ਕਿਲੋਮੀਟਰ ਦੂਰ ਪਾਕਿਸਤਾਨੀ ਖੇਤਰ ਵਿੱਚ ਡਿੱਗੀ ਸੀ । ਇਸ ਨਾਲ ਇੱਕ ਕੋਲਡ ਸਟੋਰੇਜ ਨੂੰ ਨੁਕਸਾਨ ਪਹੁੰਚਿਆ ਸੀ । ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ।ਇਮਰਾਨ ਖਾਨ ਨੇ ਐਤਵਾਰ ਨੂੰ ਪਹਿਲੀ ਵਾਰ ਇਸ ਘਟਨਾ ‘ਤੇ ਆਪਣਾ ਬਿਆਨ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਵਿੱਚ ਭਾਰਤੀ ਮਿਜ਼ਾਇਲ ਦੇ ਡਿੱਗਣ ਦਾ ਜਵਾਬ ਦੇ ਸਕਦੇ ਸੀ, ਪਰ ਅਸੀਂ ਸੰਜਮ ਰੱਖਿਆ। ਇਮਰਾਨ ਖਾਨ ਐਤਵਾਰ ਨੂੰ ਪੰਜਾਬ ਦੇ ਹਾਫਿਜ਼ਾਬਾਦ ਜ਼ਿਲੇ ਵਿੱਚ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ ਸਨ। ਇਸ ਰੈਲੀ ਵਿੱਚ ਇਮਰਾਨ ਖਾਨ ਨੇ ਦੇਸ਼ ਦੀ ਸੁਰੱਖਿਆ ਦੀ ਗੱਲ ਵੀ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰੱਖਿਆ ਖੇਤਰ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਮਿਜ਼ਾਇਲ ਹਾਦਸੇ ‘ਤੇ ਭਾਰਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਨ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਵਿੱਚ ਸਾਂਝੀ ਜਾਂਚ ਦੀ ਮੰਗ ਕੀਤੀ ਸੀ । ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਵੱਲੋਂ ਕਿਹੜੀ ਮਿਜ਼ਾਇਲ ਦਾਗੀ ਗਈ ਹੈ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਸਨ।