ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜਨਤਕ ਤੌਰ 'ਤੇ ਇਕ ਹਫਤੇ ਦੀ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸੋਮਵਾਰ, 18 ਜਨਵਰੀ ਤੱਕ ਆਪਣੀ ਥੋੜ੍ਹੀ ਜਿਹੀ ਗ਼ੈਰਹਾਜ਼ਰੀ ਲੈ ਰਹੇ ਹਨ।ਇਸ ਦੌਰਾਨ ਮਾਈਕਲ ਮੈਕਕੋਰਮੈਕ ਕਾਰਜਕਾਰੀ ਪ੍ਰਧਾਨ ਮੰਤਰੀ ਰਹਿਣਗੇ ਅਤੇ ਕੰਮ-ਕਾਜ ਸੰਭਾਲਣਗੇ। ਉਹ ਸਿਹਤ ਅਤੇ ਆਰਥਿਕ ਪੱਧਰ ਦੀਆਂ ਜਾਣਕਾਰੀਆਂ ਵੀ ਮੁਹੱਈਆ ਕਰਵਾਉਂਦੇ ਰਹਿਣਗੇ। ਮੈਕਕੋਰਮੈਕ ਇਸ ਦੌਰਾਨ ਰਾਜਾਂ ਦੀਆਂ ਸਰਕਾਰਾਂ ਨਾਲ ਵੀ ਪੂਰਾ ਤਾਲਮੇਲ ਬਣਾਈ ਰੱਖਣਗੇ ਅਤੇ ਲੋੜੀਂਦੀਆਂ ਮੀਟਿੰਗਾਂ ਵੀ ਕਰਨਗੇ। ਮੈਕਕੋਰਮੈਕ ਆਸਟ੍ਰੇਲੀਆਈ ਡਿਫੈਂਸ ਫੋਰਸ ਨਾਲ ਵੀ ਪੂਰਾ ਸਹਿਯੋਗ ਕਰਨਗੇ ਅਤੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖਣਗੇ। ਆਪਣੀਆਂ ਇਹਨਾਂ ਛੁੱਟੀਆਂ ਦੌਰਾਨ ਮੌਰੀਸਨ ਲਾਜ਼ਮੀ ਤੌਰ 'ਤੇ ਕੋਵਿਡ ਸੰਬੰਧੀ ਜਾਣਕਾਰੀ ਲੈਂਦੇ ਰਹਿਣਗੇ। ਮੌਰੀਸਨ ਨੇ ਇਹ ਵੀ ਕਿਹਾ ਕਿ ਉਹ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਦੇ ਸਿੱਧੇ ਸੰਪਰਕ ਵਿਚ ਹਨ ਅਤੇ ਕੋਵਿਡ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਹੁੰਦੀ ਰਹੇਗੀ। ਉਹ ਖੁਦ ਵੀ ਇਸ 'ਤੇ ਆਪਣੀ ਰਾਏ ਸਾਂਝੀ ਕਰਦੇ ਰਹਿਣਗੇ। ਮੌਰੀਸਨ ਵੱਲੋਂ ਇਹ ਕਦਮ ਦਸੰਬਰ 2019 ਵਿਚ ਹਵਾਈ ਵਿਚ ਵਿਵਾਦਪੂਰਨ ਪਰਿਵਾਰਕ ਛੁੱਟੀਆਂ ਦੇ ਬਾਅਦ ਚੁੱਕਿਆ ਗਿਆ ਹੈ, ਉਦੋਂ ਵਿਨਾਸ਼ਕਾਰੀ ਜੰਗਲੀ ਝਾੜੀਆਂ ਦੀ ਅੱਗ ਨੇ ਪੂਰੇ ਆਸਟ੍ਰੇਲੀਆ ਵਿਚ ਤਬਾਹੀ ਮਚਾ ਦਿੱਤੀ ਸੀ। ਉਦੋਂ ਮੌਰੀਸਨ ਨੂੰ ਯਾਤਰਾ ਤੋਂ ਤੁਰੰਤ ਪਰਤਣ ਲਈ ਮਜਬੂਰ ਹੋਣਾ ਪਿਆ ਸੀ ਅਤੇ ਬਾਅਦ ਵਿਚ ਉਹਨਾਂ ਨੇ ਮੁਆਫੀ ਵੀ ਮੰਗੀ ਸੀ।
0 Comments
Be the one to post the comment
Leave a Comment