International

ਟਰੰਪ ਨੂੰ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਹਟਾਉਣ ਦੀ ਮੁਹਿੰਮ ਤੇਜ਼

    12 January 2021

ਡੋਨਾਲਡ ਟਰੰਪ ਨੂੰ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਹੀ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਡੈਮੋਕ੍ਰੇਟਸ ਪਾਰਟੀ ਨੇ ਟਰੰਪ 'ਤੇ ਸੰਸਦ ਭਵਨ ਵਿਚ ਦੰਗਾ ਭੜਕਾਉਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਖ਼ਿਲਾਫ ਮਹਾਂਦੋਸ਼ ਮਤਾ ਪੇਸ਼ ਕਰਨ ਦੀ ਗੱਲ ਆਖ਼ੀ ਹੈ। ਬੁੱਧਵਾਰ ਨੂੰ ਇਹ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਇਤਿਹਾਸ ਵਿਚ ਦੂਜੀ ਵਾਰ ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਇਕਲੌਤੇ ਰਾਸ਼ਟਰਪਤੀ ਬਣ ਸਕਦੇ ਹਨ।ਸਪੀਕਰ ਨੈਨਸੀ ਪੇਲੋਸੀ, ਉਨ੍ਹਾਂ ਦੀ ਪਾਰਟੀ ਡੈਮੋਕ੍ਰੇਟਸ ਅਤੇ ਕੁਝ ਰੀਪਬਲਿਕਨਜ਼ ਦਾ ਕਹਿਣਾ ਹੈ ਕਿ ਇਹ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਕਿ ਟਰੰਪ ਆਪਣੇ ਕਾਰਜਕਾਲ ਦੀ ਮਿਆਦ ਦੇ ਬਚੇ ਥੋੜ੍ਹੇ ਦਿਨਾਂ ਨੂੰ ਸ਼ਾਂਤੀ ਨਾਲ ਪੂਰਾ ਕਰਨਗੇ, ਜੋ 20 ਜਨਵਰੀ ਨੂੰ ਖ਼ਤਮ ਹੋ ਰਹੀ ਹੈ।

ਪੇਲੋਸੀ ਨੇ ਐਤਵਾਰ ਨੂੰ ਆਪਣੀ ਪਾਰਟੀ ਡੈਮੋਕ੍ਰੇਟਸ ਨੂੰ ਲਿਖਿਆ, "ਆਪਣੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਸਾਨੂੰ ਜਲਦਬਾਜ਼ੀ ਨਾਲ ਕੰਮ ਕਰਨਾ ਹੋਵੇਗਾ ਕਿਉਂਕਿ ਇਹ ਰਾਸ਼ਟਰਪਤੀ ਦੋਹਾਂ ਲਈ ਬਹੁਤ ਵੱਡਾ ਖ਼ਤਰਾ ਬਣ ਰਿਹਾ ਹੈ।" ਮਹਾਂਦੋਸ਼ ਸ਼ੁਰੂ ਕਰਨ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸੰਵਿਧਾਨ ਦੀ ਵਿਵਸਥਾ ਦੀ 25ਵੀਂ ਸੋਧ ਦੀ ਵਰਤੋਂ ਕਰਕੇ ਟਰੰਪ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਪਿਛਲੇ ਦਿਨੀਂ ਕੈਪੀਟੋਲ ਵਿਚ ਵਾਪਰੀ ਹਿੰਸਾ ਨੂੰ ਦੇਖਦੇ ਹੋਏ ਟਵਿੱਟਰ ਨੇ ਟਰੰਪ ਦਾ ਖ਼ਾਤਾ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਸੀ। ਜਿਸ ਵਕਤ ਕੈਪੀਟੋਲ ਵਿਚ ਟਰੰਪ ਸਮਰਥਕਾਂ ਨੇ ਭੰਨ-ਤੋੜ ਕੀਤੀ ਉਸ ਵਕਤ ਪੇਂਸ ਵੀ ਉੱਥੇ ਮੌਜੂਦ ਸਨ। ਪੇਲੋਸੀ ਨੇ ਕਿਹਾ ਹੈ ਕਿ ਜੇਕਰ ਪੇਂਸ 25ਵੀਂ ਸੋਧ ਦੀ ਵਰਤੋਂ ਨਹੀਂ ਕਰਦੇ ਹਨ ਤਾਂ ਹਾਊਸ ਟਰੰਪ ਖਿਲਾਫ਼ ਮਹਾਂਦੋਸ਼ ਲਈ ਵੋਟ ਕਰ ਸਕਦਾ ਹੈ। ਇਸ ਤੋਂ ਪਹਿਲਾਂ ਦਸੰਬਰ 2019 ਵਿਚ ਡੈਮੋਕ੍ਰੇਟਸ ਨੇ ਟਰੰਪ ਖ਼ਿਲਾਫ਼ ਮਹਾਂਦੋਸ਼ ਲਿਆਂਦਾ ਸੀ ਪਰ ਰੀਪਬਲਿਕਨ ਨੇ ਟਰੰਪ ਦੇ ਪੱਖ ਵਿਚ ਵੋਟ ਕੀਤੀ ਸੀ।

Related Posts

0 Comments

    Be the one to post the comment

Leave a Comment