24ਵੀ ਸਰਦ ਰੁੱਤ ਓਲੰਪਿਕ ਖੇਡਾਂ ਜੋ ਕਿ 4 ਫਰਵਰੀ ਤੋਂ ਲੈਂ ਕੇ 20 ਫਰਵਰੀ ਤੱਕ ਖੇਡੀਆਂ ਗਈਆਂ , ਚੀਨ ਵੱਲੋਂ ਆਯੋਜਿਤ ਕੀਤੀਆਂ ਗਈਆ ਸਨ। ਬੀਜਿੰਗ ਸਰਦ ਰੁੱਤ ਓਲੰਪਿਕ ਖੇਡਾਂ ਐਤਵਾਰ ਨੂੰ ਇੱਥੇ ਬਰਡਜ਼ ਨੈਸਟ ਸਟੇਡੀਅਮ ਵਿਚ ਰੰਗਾਰੰਗ ਸਮਾਪਤੀ ਸਮਾਗਮ ਤੋਂ ਬਾਅਦ ਅਧਿਕਾਰਕ ਲੌ ਬੁਝਾਉਣ ਨਾਲ ਖ਼ਤਮ ਹੋ ਗਈਆਂ। ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਕਰਵਾਈਆਂ ਗਈਆਂ ਇਹ ਦੂਜੀਆਂ ਓਲੰਪਿਕ ਖੇਡਾਂ ਸੀ। ਕੋਰੋਨਾ ਕਾਰਨ ਖਿਡਾਰੀ, ਮੀਡੀਆ ਤੇ ਕਾਰਕੁਨ ਬਾਇਓ-ਬਬਲ ਦੀਆਂ ਪਾਬੰਦੀਆਂ ਵਿਚ ਰਹੇ। ਬੀਜਿੰਗ ਖੇਡਾਂ ਵਿਚ 16 ਗੋਲਡ ਸਮੇਤ ਕੁੱਲ 37 ਮੈਡਲਾਂ ਨਾਲ ਨਾਰਵੇ ਪਹਿਲੇ ਸਥਾਨ 'ਤੇ ਰਿਹਾ ਜਦਕਿ ਜਰਮਨੀ 12 ਗੋਲਡ ਮੈਡਲਾਂ ਨਾਲ ਦੂਜੇ ਤੇ ਮੇਜ਼ਬਾਨ ਚੀਨ ਨੌਂ ਗੋਲਡ ਲੈ ਕੇ ਤੀਜੇ ਸਥਾਨ 'ਤੇ ਰਿਹਾ। ਭਾਰਤ ਵੱਲੋਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਇੱਕੋ ਇਕ ਖਿਡਾਰੀ ਅਲਪਾਈਨ ਸਕੀਅਰ ਆਰਿਫ਼ ਖ਼ਾਨ ਮਰਦਾਂ ਦੇ ਸਲੈਲਮ ਮੁਕਾਬਲੇ ਵਿਚ ਰੇਸ ਪੂਰੀ ਨਹੀਂ ਕਰ ਸਕੇ ਸੀ। ਭਾਰਤ ਨੇ ਅਧਿਕਾਰਕ ਤੌਰ 'ਤੇ ਇਨ੍ਹਾਂ ਖੇਡਾਂ ਦੇ ਸਿਆਸੀ ਬਾਈਕਾਟ ਦਾ ਐਲਾਨ ਕੀਤਾ ਸੀ। ਉਦਘਾਟਨੀ ਤੇ ਸਮਾਪਤੀ ਸਮਾਗਮ ਲਈ ਭਾਰਤ ਨੇ ਆਪਣਾ ਕੋਈ ਦੂਤ ਨਹੀਂ ਭੇਜਿਆ।