ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਨਵੰਬਰ 2016 ਵਿੱਚ ਕੀਤੀ ਨੋਟਬੰਦੀ, ਜਦੋਂ ਪੰਜ ਸੌ ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗਏ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ਵਿੱਚ ਵੈਧ ਰਹੇਗਾ।
ਆਰਬੀਆਈ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਤੋਂ 2000 ਰੁਪਏ ਦੇ ਕਰੰਸੀ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਹੈ। ਕੇਂਦਰੀ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਬਾਰੇ ਹੱਦ ਨਿਰਧਾਰਿਤ ਨਹੀਂ ਕੀਤੀ, ਪਰ ਜੇਕਰ ਨੋਟ ਵਟਾਉਣੇ ਹਨ ਤਾਂ ਇਕ ਸਮੇਂ ਵੱਧ ਤੋਂ ਵੱਧ 20 ਹਜ਼ਾਰ ਰੁਪਏ (ਦੋ ਹਜ਼ਾਰ ਰੁਪਏ ਦੇ 10 ਨੋਟ) ਹੀ ਬਦਲਣ ਦੀ ਖੁੱਲ੍ਹ ਰਹੇਗੀ। ਆਰਬੀਆਈ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਕਾਲੇ ਧਨ ਨੂੰ ਜਮ੍ਹਾਂ ਕਰਨ ਲਈ ਸਭ ਤੋਂ ਉੱਚੇ ਮੁੱਲ ਦੇ ਨੋਟਾਂ ਦੀ ਵਰਤੋਂ ਫਿਕਰਮੰਦੀ ਦਾ ਵਿਸ਼ਾ ਬਣਿਆ ਹੋਇਆ ਸੀ। ਕੇਂਦਰੀ ਬੈਂਕ ਨੇ ਸਾਲ 2018-19 ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਮਾਰਕੀਟ ਵਿੱਚ ਪੁਰਾਣੀ ਕਰੰਸੀ ਹੀ ਚੱਲ ਰਹੀ ਸੀ।