ਸੰਗਰੂਰ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫ਼ਸਰ ਰਵਿੰਦਰਪਾਲ ਸਿੰਘ ਨੇ ਜ਼ਿਲ੍ਹੇ ਦੇ ਲੋੜਵੰਦ ਲੜਕੇ ਤੇ ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਡੀ.ਸੀ ਕੰਪਲੈਕਸ ਸੰਗਰੂਰ ਵਿਖੇ ਸੇਵਾ ਕੇਂਦਰ ਦੇ ਨਜ਼ਦੀਕ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵਿਖੇ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਕੇਂਦਰ ਵਿਖੇ ਪ੍ਰਾਈਵੇਟ ਸੈਕਟਰ ਵਿੱਚ ਪਲੇਸਮੈਂਟ, ਸਰਕਾਰੀ ਨੌਕਰੀਆਂ ਲਈ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਤੇ ਕੌਂਸÇਲੰਗ ਦੇ ਨਾਲ ਨਾਲ ਹੁਨਰ ਵਿਕਾਸ ਕਰਨ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ’ਤੇ ਬਿਓਰੋ ਵਿਖੇ ਲੱਗਣ ਵਾਲੇ ਪਲੇਸਮੈਂਟ ਕੈਂਪਾਂ ਦੌਰਾਨ ਕਈ ਵਾਰ ਉਦਯੋਗਾਂ ਦੀ ਲੋੜ ਮੁਤਾਬਕ ਹੁਨਰਮੰਦ ਪ੍ਰਾਰਥੀ ਨਹੀਂ ਮਿਲਦੇ ਤਾਂ ਅਜਿਹੇ ਪ੍ਰਾਰਥੀਆਂ ਨੂੰ ਉਦਯੋਗਾਂ ਵਿੱਚ ਪਲੇਸਮੈਂਟ ਦੇ ਯੋਗ ਬਣਾਉਣ ਲਈ ਸਿਖਲਾਈ ਦੇਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਮੌਜੂਦਾ ਸਮੇਂ ਵਿੱਚ ਸਕੂਲਾਂ ਵਿੱਚ ਬਾਰਵੀਂ ਦੇ ਵਿਦਿਆਰਥੀ ਹਨ, ਜਾਂ ਕਿਸੇ ਕਾਲਜ ਵਿੱਚ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਟੈਕ ਆਦਿ ਦੇ ਫਾਈਨਲ ਸਾਲ ਵਿੱਚ ਪੜ੍ਹ ਰਹੇ ਹਨ, ਉਹ ਜ਼ਰੂਰ ਇਸ ਦਫ਼ਤਰ ਵਿਖੇ ਰਾਬਤਾ ਕਾਇਮ ਕਰਕੇ ਆਪਣਾ ਨਾਮ ਦਰਜ ਕਰਵਾਉਣ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੀਆਂ ਰੋਜ਼ਗਾਰ ਸਬੰਧੀ ਲੋੜਾਂ ਦੀ ਪੂਰਤੀ ਹਿੱਤ ਇਸ ਬਿਓਰੋ ਰਾਹੀਂ ਢੁਕਵੇਂ ਯਤਨ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਲੋੜਵੰਦ ਵਿਅਕਤੀ ਆਨਲਾਈਨ ਪ੍ਰਕਿਰਿਆ ਰਾਹੀਂ ਵੀ ਇਸ ਵਿਭਾਗ ਦੀ ਵੈਬਸਾਈਟ https://www.pgrkam.com/ in ਉਤੇ ਵੀ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦਾ ਹੈ ਜਿਸ ਨੂੰ ਸਮੇਂ ਸਮੇਂ ’ਤੇ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਜਾਂ ਪਲੇਸਮੈਂਟਾਂ ਬਾਰੇ ਇਸ ਵਿਭਾਗ ਦੀ ਸਮਰਪਿਤ ਟੀਮ ਵੱਲੋਂ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।