punjab chandigarh news

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੇ ਫੌਗਿੰਗ ਸ਼ਡਿਊਲ ਕੀਤਾ ਜਾਰੀ

By Daljeet Kaur     05-May-2023

ਸੰਗਰੂਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਵੱਲੋਂ ਆਪੋ ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਫੌਗਿੰਗ ਪ੍ਰਕਿਰਿਆ ਆਰੰਭ ਕਰਵਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਵੱਲੋਂ ਗਰਮੀਆਂ ਦੌਰਾਨ ਮੱਛਰਾਂ ਦੇ ਕੱਟਣ ਨਾਲ ਪੈਦਾ ਹੋਣ ਵਾਲੀਆਂ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਲਈ ਨਿਯਮਿਤ ਤੌਰ 'ਤੇ ਫੌਗਿੰਗ ਕਰਵਾਉਣ ਲਈ ਆਖਿਆ ਗਿਆ ਸੀ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਸਖ਼ਤ ਹਦਾਇਤਾਂ ਤੇ ਕਾਰਵਾਈ ਕਰਦਿਆਂ ਸਬੰਧਤ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਫੌਗਿੰਗ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿੱਚ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਮਲਟੀਪਰਪਜ਼ ਹੈਲਥ ਵਰਕਰ (ਮੇਲ ) ਦੀਆਂ ਟੀਮਾਂ ਦਾ ਗਠਨ ਕਰਕੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ (ਮੇਲ ) ਵੱਲੋਂ ਰੋਜ਼ਾਨਾ ਵੱਖ ਵੱਖ ਥਾਵਾਂ ਤੇ ਘਰਾਂ, ਦੁਕਾਨਾਂ ਦਾ ਦੌਰਾ ਕੀਤਾ ਜਾਂਦਾ ਹੈ ਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਗਮਲਿਆਂ, ਪੁਰਾਣੇ ਟਾਇਰਾਂ, ਬਰਤਨ ਆਦਿ ਵਿੱਚ ਬਰਸਾਤੀ ਪਾਣੀ ਜਮ੍ਹਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੂੰ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਉਸ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਡੇਂਗੂ ,ਮਲੇਰੀਆ ਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰ ਇਸ ਖੜੇ ਪਾਣੀ ਵਿਚ ਪੈਦਾ ਹੁੰਦੇ ਹਨ ਇਸ ਲਈ ਆਪਣੇ ਆਲੇ ਦੁਆਲੇ ਸਫ਼ਾਈ ਰੱਖਣੀ ਚਾਹੀਦੀ ਹੈ ਤੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਹਫ਼ਤੇ ਵਿਚ ਇਕ ਵਾਰ ਅਪਣੇ ਘਰਾਂ ਤੇ ਦਫ਼ਤਰਾਂ ਦੇ ਕੂਲਰਾਂ ਦਾ ਪਾਣੀ ਬਦਲਣਾ ਚਾਹੀਦਾ ਹੈ।


Related Posts

Book Your Advert.
ਇਸ਼ਤਿਹਾਰ ਹੈ ਤਾਂ ਵਪਾਰ ਹੈ

Opinion Poll