ਨਵਾਂਸ਼ਹਿਰ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰਾਂ ’ਚ ਥਾਂ ਘੇਰਦੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਨਵੀਂ ਪਹਿਲਕਦਮੀ ਅਪਣਾਈ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਇਸ ਨਿਵੇਕਲੇ ਉਦਮ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਤਿੰਨ ਆਰ (ਰਿਡਿੳਸ, ਈਸਾਈਕਲ ਅਤੇ ਰੀਯੂਜ਼) ਦੇ ਸਿਧਾਂਤ ’ਤੇ ਆਧਾਰਿਤ ਇਸ ਪਹਿਲਕਦਮੀ ਤਹਿਤ ‘ਸਵੱਛਤਾ ਹੀ ਸੇਵਾ ਹੈ, ਗੰਦਗੀ ਜਾਨਲੇਵਾ ਹੈ, ਸਵੱਛਤਾ ਅਪਣਾਈ, ਨਵਾਂਸ਼ਹਿਰ ਚਮਕਾਈਏ’ ਨਾਅਰੇ ’ਤੇ ਕੰਮ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਚਾਰਾਂ ਨਗਰ ਕੌਂਸਲਾਂ, ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਰਾਹੋਂ ਵਿਖੇ ਲੋਕਾਂ ਵੱਲੋਂ ਵਰਤੋ ’ਚ ਨਾ ਆਉਣ ਵਾਲੇ ਕੱਪੜਿਆਂ, ਬੂਟ, ਫਰਨੀਚਰ ਤੇ ਇਲੈਕਟ੍ਰੀਕਲ/ਇਲੈਕਟ੍ਰਾਨਿਕਸ ਤੇ ਪਲਾਸਿਟਕ ਬੋਤਲਾਂ ਤੇ ਲਿਫ਼ਾਫ਼ਿਆਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਅੱਗੋਂ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਇਸ ਦਾ ਹੋਰ ਵੇਰਵਾ ਦਿੰਦਿਆਂ ਦੱਸਿਆ ਕਿ ਹਰੇਕ ਨਗਰ ਕੌਂਸਲ ’ਚ ਇਨ੍ਹਾਂ ਵਸਤਾਂ ਨੂੰ ਇਕੱਤਰ ਕਰਨ ਲਈ ਵਿੰਡੋ (ਖਿੜਕੀ ਜਾਂ ਡੈਸਕ) ਬਣਾਈ ਜਾਵੇਗੀ ਜਿੱਥੇ ਕੋਈ ਵੀ ਸ਼ਹਿਰ ਵਾਸੀ ਆਪਣੀ ਬੇਕਾਰ ਵਸਤ ਜਮ੍ਹਾਂ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਕੁੱਝ ਸਮੇਂ ਬਾਅਦ ਕੱਪੜੇ ਜਾਂ ਬੂਟ ਨਵੇਂ ਫੈਸ਼ਨ ਮੁਤਾਬਕ ਬਦਲ ਲੈਂਦੇ ਹਨ। ਇਸੇ ਤਰ੍ਹਾਂ ਫਰਨੀਚਰ ਪੁਰਾਣਾ ਹੋਣ ’ਤੇ ਬਾਹਰ ਕਰ ਦਿੱਤਾ ਜਾਂਦਾ ਹੈ। ਇਲੈਕਟ੍ਰਾਨਿਕਸ/ਇਲੈਕਟ੍ਰੀਕਲ ਆਈਟਮਾਂ ਘਰਾਂ ’ਚ ਕਬਾੜ ਵਜੋਂ ਥਾਂ ਘੇਰ ਰਹੀਆਂ ਹੁੰਦੀਆਂ ਹਨ। ਪਲਾਸਟਿਕ ਦੇ ਲਿਫ਼ਾਫ਼ੇ ਤੇ ਖਾਲੀ ਬੋਤਲਾਂ ਬਾਅਦ ਵਿੱਚ ਸੀਵਰੇਜ ਨਿਕਾਸੀ ’ਚ ਰੁਕਾਵਟ ਦਾ ਕਾਰਨ ਬਣਦੀਆਂ ਹਨ।
ਉਨ੍ਹਾਂ ਕਿਹਾ ਅੱਜ ਚਾਰਾਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਕਿਸੇ ਵੀ ਜਨ ਹਿੱਤ/ਸਮਾਜਿਕ ਕਾਰਜ ਨੂੰ ਸ਼ੁਰੂ ਕਰਨ ਵਿੱਚ ਸਮਾਂ ਲੱਗਦਾ ਹੈ ਪਰੰਤੂ ਬਾਅਦ ਵਿੱਚ ਲੋਕ ਵੀ ਚੰਗੇ ਕੰਮ ਦੇ ਸਹਿਯੋਗੀ ਬਣ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਜਿੱਥੇ ਕੂੜੇ ਦੇ ਢੇਰ ਘਟਣਗੇ ਉੱਥੇ ਘਰਾਂ ’ਚ ਪਏ ਕਬਾੜ ਤੋਂ ਵੀ ਮੁਕਤੀ ਮਿਲੇਗੀ ਪਰ ਦੂਸਰੇ ਪਾਸੇ ਇਹ ਸਮਾਨ ਕਿਸੇ ਲੋੜਵੰਦ ਦੇ ਕੰਮ ਆ ਸਕੇਗਾ। ਏ ਡੀ ਸੀ ਰਾਜੀਵ ਵਰਮਾ ਨੇ ਕਿਹਾ ਕਿ ‘ਮੇਰੀ ਜ਼ਿੰਦਗੀ ਮੇਰਾ ਸਵੱਛ ਸ਼ਹਿਰ’ ਅਤੇ ‘ਸ਼ੁਰੂ ਹੋਇਆ ਸਮਾਨ ਦਾ ਪੁਨਰਉਪਯੋਗ’ ਜਿਹੀਆਂ ਮੁਹਿੰਮਾਂ ਨਾਲ ਜੇਕਰ ਲੋਕ ਜੁੜਨੇ ਸ਼ੁਰੂ ਹੋ ਜਾਂਦੇ ਹਨ ਤਾਂ ਆਉਣ ਵਾਲੇ ਸਮੇਂ ’ਚ ਇਸ ਦਾ ਵੱਡਾ ਲਾਭ ਹੋਵੇਗਾ।